Page 235
ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥
ਜੇਕਰ ਹਰੀ ਖੁਦ ਤੈਨੂੰ ਰਿਹਾ ਕਰੇ ਤੂੰ ਰਿਹਾ ਹੋ ਜਾਏਗੀ! ਸੱਚੇ ਗੁਰਾਂ ਦੇ ਪੈਰਾਂ ਦੀ ਤੂੰ ਉਪਾਸ਼ਨਾ ਕਰ।

ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥
ਮੇਰੀ ਮਿੱਠੜੀ ਜਿੰਦੜੀਏ! ਹੰਭਲਾ ਮਾਰ ਅਤੇ ਆਪਣੇ ਸਰੀਰ ਅੰਦਰਲੇ ਰੱਬੀ ਨੂਰ ਦਾ ਧਿਆਨ ਧਾਰ।

ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥
ਗੁਰਾਂ ਨੇ ਮੈਨੂੰ ਨਾਮ ਦੇ ਨੌ ਖ਼ਜ਼ਾਨੇ ਦਿਖਾ ਦਿਤੇ ਹਨ। ਮਿਹਰਬਾਨ ਮਾਲਕ ਨੇ ਇਹ ਬਖ਼ਸ਼ੀਸ਼ ਮੈਨੂੰ ਦਿਤੀ ਹੈ।

ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥
ਹੈ ਮੇਰੇ ਚੁਲਬੁਲੇ ਮਨੁਏ! ਤੂੰ ਹੰਭਲਾ ਮਾਰ ਅਤੇ ਆਪਣੀ ਭਿਆਨਕ ਚਾਲਾਕੀ ਨੂੰ ਤਿਆਗ ਦੇ।

ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥
ਵਾਹਿਗੁਰੂ ਸੁਆਮੀ ਦੇ ਨਾਮ ਦਾ ਤੂੰ ਆਰਾਧਨ ਕਰ। ਅਖੀਰ ਦੇ ਵੇਲੇ ਵਾਹਿਗੁਰੂ ਤੇਰਾ ਪਾਰ ਉਤਾਰਾ ਕਰੇਗਾ।

ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥
ਹੈ ਮੇਰੀ ਭਰਮਦੀ ਜਿੰਦੜੀਏ! ਜੇਕਰ ਤੂੰ ਬ੍ਰਹਿਮ ਬੋਧ ਦੇ ਹੀਰੇ ਦੀ ਸੰਭਾਲ ਕਰ ਲਵੇ ਤਾਂ ਤੂੰ ਪਰਮ ਚੰਗੇ ਨਸੀਬਾਂ ਵਾਲੀ ਹੋਵੇਗੀ।

ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥
ਆਪਣੇ ਹੱਥ ਵਿੱਚ ਮੌਤ ਨੂੰ ਮਾਰਨ ਵਾਲੀ ਗੁਰੂ ਦੇ ਬ੍ਰਹਿਮ ਵੀਚਾਰ ਦੀ ਤਲਵਾਰ ਫੜ ਕੇ ਤੂੰ ਮੌਤ ਦੇ ਫਰੇਸ਼ਤੇ ਨੂੰ ਮਾਰ ਸੁੱਟ।

ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥
ਤੇਰੇ ਅੰਦਰ ਨਾਮ ਖ਼ਜ਼ਾਨਾ ਹੈ, ਹੈ ਮੇਰੇ ਉਡਾਰੂ ਮਨੂਏ! ਤੂੰ ਇਸ ਨੂੰ ਲਭਦਾ ਹੋਇਆ ਵਹਿਮ ਅੰਦਰ ਬਾਹਰ ਭਟਕਦਾ ਫਿਰਦਾ ਹੈ।

ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥
ਜਦ ਤੂੰ ਪੂਰਨ ਨਿਰੰਕਾਰੀ ਗੁਰੂ ਜੀ ਨੂੰ ਮਿਲੇਗਾ ਤੂੰ ਵਾਹਿਗੁਰੂ ਮਿੱਤਰ ਨੂੰ ਆਪਣੇ ਨਾਲ ਹੀ ਪਾ ਲਏਗਾ।

ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥
ਤੂੰ ਸੰਸਾਰੀ ਰੰਗ ਰਲੀਆਂ ਅੰਦਰ ਖਚਤ ਹੋਈ ਹੋਈ ਹੈ। ਹੈ ਮੇਰੀ ਭੌਦੀ ਜਿੰਦੇ! ਪ੍ਰਭੂ ਦੀ ਪ੍ਰੀਤ ਨੂੰ ਤੂੰ ਸਦੀਵ ਹੀ ਧਾਰਨ ਕਰ।

ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥
ਗੁਰਾਂ ਦੀ ਘਾਲ ਕਮਾਉਣ ਅਤੇ ਨਾਮ ਦੇ ਸਿਮਰਨ ਦੁਆਰਾ ਰੱਬ ਦੀ ਰੰਗਤ ਕਦਾਚਿਤ ਨਹੀਂ ਲਹਿੰਦੀ।

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥
ਅਸੀਂ ਪੰਛੀ ਹਾਂ, ਹੈ ਮੇਰੀ ਭੌਦੀ ਆਤਮਾ! ਅਤੇ ਅਬਿਨਾਸੀ ਵਾਹਿਗੁਰੂ ਸੁਆਮੀ ਇਕ ਬਿਰਛ ਹੈ।

ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥
ਗੁਰਾਂ ਦੇ ਰਾਹੀਂ ਪਰਮ ਚੰਗੇ ਕਰਮਾਂ ਵਾਲੇ ਬਿਰਛ ਨੂੰ ਪ੍ਰਾਪਤ ਹੁੰਦੇ ਹਨ। ਹੇ ਗੋਲੇ ਨਾਨਕ! ਤੂੰ ਨਾਮ ਦਾ ਚਿੰਤਨ ਕਰ।

ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
ਰਾਗੁ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ ਅਸਟਪਦੀਆਂ।

ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ, ਉਸ ਦਾ ਨਾਮ ਅਤੇ ਰਚਨਹਾਰ ਉਸ ਦੀ ਵਿਅਕਤੀ। ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜਬ ਇਹੁ ਮਨ ਮਹਿ ਕਰਤ ਗੁਮਾਨਾ ॥
ਜਦ ਇਹ ਪ੍ਰਾਣੀ ਆਪਣੇ ਚਿੱਤ ਅੰਦਰ ਹੰਕਾਰੀ ਧਾਰਦਾ ਹੈ,

ਤਬ ਇਹੁ ਬਾਵਰੁ ਫਿਰਤ ਬਿਗਾਨਾ ॥
ਤਦ ਉਹ ਪਗਲਾ ਤੇ ਪਰਾਇਆ ਹੋ ਕੇ ਭਟਕਦਾ ਫਿਰਦਾ ਹੈ।

ਜਬ ਇਹੁ ਹੂਆ ਸਗਲ ਕੀ ਰੀਨਾ ॥
ਜਦ ਇਹ ਸਾਰਿਆਂ ਦੀ ਧੂੜ ਹੋ ਜਾਂਦਾ ਹੈ,

ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥
ਉਸ ਕਾਰਣ ਉਹ ਵਿਆਪਕ ਵਾਹਿਗੁਰੂ ਨੂੰ ਹਰ ਦਿਲ ਅੰਦਰ ਵੇਖ ਲੈਂਦਾ ਹੈ।

ਸਹਜ ਸੁਹੇਲਾ ਫਲੁ ਮਸਕੀਨੀ ॥
ਆਜਜ਼ੀ ਦਾ ਮੇਵਾ ਕੁਦਰਤੀ ਤੌਰ ਤੇ ਮਨ-ਭਾਉਣਾ ਹੈ।

ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥
ਇਹ ਬਖਸ਼ੀਸ਼ ਮੇਰੇ ਸੱਚੇ ਗੁਰਦੇਵ ਜੀ ਨੇ ਮੈਨੂੰ ਦਿੱਤੀ ਹੈ। ਠਹਿਰਾਉ।

ਜਬ ਕਿਸ ਕਉ ਇਹੁ ਜਾਨਸਿ ਮੰਦਾ ॥
ਜਦ ਉਹ ਹੋਰਨਾ ਨੂੰ ਬੁਰਾ ਸਮਝਦਾ ਹੈ,

ਤਬ ਸਗਲੇ ਇਸੁ ਮੇਲਹਿ ਫੰਦਾ ॥
ਤਾਂ ਸਾਰੇ ਉਸ ਨੂੰ ਜਾਲ ਅੰਦਰ ਫਸਾਉਂਦੇ ਹਨ।

ਮੇਰ ਤੇਰ ਜਬ ਇਨਹਿ ਚੁਕਾਈ ॥
ਜਦ ਉਹ ਮੇਰੇ ਅਤੇ ਤੇਰੇ ਦੇ ਅਰਥਾ ਵਿੱਚ ਖਿਆਲ ਕਰਨੋਂ ਹਟ ਜਾਂਦਾ ਹੈ,

ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥
ਤਾਂ ਉਸ ਨਾਲ ਕੋਈ ਭੀ ਦੁਸ਼ਮਨੀ ਨਹੀਂ ਕਰਦਾ।

ਜਬ ਇਨਿ ਅਪੁਨੀ ਅਪਨੀ ਧਾਰੀ ॥
ਜਦ ਉਹ ਮੇਰੀ ਆਪਣੀ, ਮੇਰੀ ਆਪਣੀ ਦੀ ਰਟ ਨੂੰ ਚਿਮੜਦਾ ਹੈ,

ਤਬ ਇਸ ਕਉ ਹੈ ਮੁਸਕਲੁ ਭਾਰੀ ॥
ਤਾਂ ਉਸ ਨੂੰ ਵੱਡੀ ਔਕੜ ਆ ਬਣਦੀ ਹੈ।

ਜਬ ਇਨਿ ਕਰਣੈਹਾਰੁ ਪਛਾਤਾ ॥
ਜਦ ਇਹ ਆਪਣੇ ਸਿਰਜਣਹਾਰ ਨੂੰ ਸਿੰਞਾਣ ਲੈਂਦਾ ਹੈ,

ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥
ਤਾਂ ਇਸ ਨੂੰ ਕੋਈ ਭੀ ਸੜੇਵਾਂ ਨਹੀਂ ਹੁੰਦਾ।

ਜਬ ਇਨਿ ਅਪੁਨੋ ਬਾਧਿਓ ਮੋਹਾ ॥
ਜਦ ਇਹ ਆਦਮੀ ਆਪਣੇ ਆਪ ਨੂੰ ਸੰਸਾਰੀ ਮਮਤਾ ਨਾਲ ਉਲਝਾ ਲੈਂਦਾ ਹੈ,

ਆਵੈ ਜਾਇ ਸਦਾ ਜਮਿ ਜੋਹਾ ॥
ਉਹ ਆਵਾਗਉਣ ਵਿੱਚ ਪੈਦਾ ਹੈ ਅਤੇ ਹਮੇਸ਼ਾਂ ਮੌਤ ਦੀ ਤਾੜ ਹੇਠਾ ਹੁੰਦਾ ਹੈ।

ਜਬ ਇਸ ਤੇ ਸਭ ਬਿਨਸੇ ਭਰਮਾ ॥
ਜਦ ਸਾਰੇ ਸੰਦੇਹ ਉਸ ਪਾਸੋਂ ਦੂਰ ਹੋ ਜਾਂਦੇ ਹਨ,

ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥
ਤਦ ਉਸ ਦੀ ਸ਼ਰੋਮਣੀ ਸਾਹਿਬ ਦੇ ਵਿਚਕਾਰ ਕੋਈ ਫ਼ਰਕ ਨਹੀਂ ਰਹਿੰਦਾ।

ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥
ਜਦ ਤੋਂ ਉਹ ਕੁਝ ਫ਼ਰਕ ਤਸਲੀਮ ਕਰਦਾ ਹੈ,

ਤਬ ਤੇ ਦੂਖ ਡੰਡ ਅਰੁ ਖੇਦਾ ॥
ਉਦੋਂ ਤੋਂ ਉਹ ਤਕਲਫ਼ਿ ਸਜ਼ਾ ਅਤੇ ਅਪਦਾ ਸਹਾਰਦਾ ਹੈ।

ਜਬ ਇਨਿ ਏਕੋ ਏਕੀ ਬੂਝਿਆ ॥
ਜਦ ਤੋਂ ਇਹ ਕੇਵਲ ਇਕ ਪ੍ਰਭੂ ਨੂੰ ਜਾਨਣ ਲੱਗ ਜਾਂਦਾ ਹੈ,

ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥
ਉਦੋਂ ਤੋਂ ਉਸ ਨੂੰ ਸਾਰੇ ਕੁਝ ਦੀ ਗਿਆਤ ਹੋ ਜਾਂਦੀ ਹੈ।

ਜਬ ਇਹੁ ਧਾਵੈ ਮਾਇਆ ਅਰਥੀ ॥
ਜਦ ਉਹ ਧਨ ਦੌਲਤ ਦੇ ਵਾਸਤੇ ਭੱਜ ਦੌੜ ਕਰਦਾ ਹੈ,

ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥
ਤਾਂ ਨਾਂ ਉਹ ਰੱਜਦਾ ਹੈ ਤੇ ਨਾਂ ਹੀ ਉਸ ਦੀ ਪਿਆਸ ਬੁਝਦੀ ਹੈ।

ਜਬ ਇਸ ਤੇ ਇਹੁ ਹੋਇਓ ਜਉਲਾ ॥
ਜਦ ਉਹ ਇਸ ਪਾਸੋਂ ਦੌੜ ਜਾਂਦਾ ਹੈ,

ਪੀਛੈ ਲਾਗਿ ਚਲੀ ਉਠਿ ਕਉਲਾ ॥੬॥
ਤਾਂ ਲਕਸ਼ਮੀ ਉਠ ਕੇ ਉਸ ਦੇ ਮਗਰ ਲਗ ਟੁਰਦੀ ਹੈ।

ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥
ਜਦ ਉਸਦੀ ਦਇਆ ਦੁਆਰਾ ਸੱਚੇ ਗੁਰੂ ਜੀ ਮਿਲ ਪੈਦੇ ਹਨ,

ਮਨ ਮੰਦਰ ਮਹਿ ਦੀਪਕੁ ਜਲਿਓ ॥
ਤਾਂ ਬੰਦੇ ਦੇ ਦਿਲ ਦੇ ਮਹਿਲ ਅੰਦਰ ਦੀਵਾ ਬਲ ਪੈਦਾ ਹੈ।

ਜੀਤ ਹਾਰ ਕੀ ਸੋਝੀ ਕਰੀ ॥
ਜਦ ਇਨਸਾਨ ਫਤਹ ਅਤੇ ਸ਼ਿਕਸਤ ਨੂੰ ਅਨੁਭਵ ਕਰ ਲੈਂਦਾ ਹੈ,

ਤਉ ਇਸੁ ਘਰ ਕੀ ਕੀਮਤਿ ਪਰੀ ॥੭॥
ਤਦ ਉਹ ਏਸ ਗ੍ਰਹਿ ਦੀ ਕਦਰ ਨੂੰ ਜਾਣ ਲੈਂਦਾ ਹੈ।

copyright GurbaniShare.com all right reserved. Email:-