ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥
ਜੋ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਹਨ। ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ। ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥ ਮੇਰੇ ਵਾਹਿਗੁਰੂ ਸੁਆਮੀ! ਕੇਵਲ ਤੂੰ ਹੀ ਦਾਤਾਰ ਹੈ, ਤੂੰ ਆਪ ਹੀ ਜੀਵਾਂ ਨੂੰ ਮਾਫ ਕਰਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥ ਗੁਮਾਸ਼ਤੇ ਨਾਨਕ ਨੇ ਤੇਰੀ ਪਨਾਹ ਲਈ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਉਸ ਨੂੰ ਤੂੰ ਬੰਦ-ਖ਼ਾਲਸ ਕਰ। ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ ਰਾਗੁ ਗਊੜੀ ਪੂਰਬੀ ਪਾਤਸ਼ਾਹੀ ਚੌਥੀ ਕਰਹਲੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥ ਹੈ ਮੇਰੀ ਉਠ ਵਰਗੀ ਬਿਦੇਸਨ ਜਿੰਦੜੀਏ! ਤੂੰ ਕਿਸ ਤਰ੍ਹਾਂ ਆਪਣੀ ਮਾਤਾ, ਵਾਹਿਗੁਰੂ ਨੂੰ ਮਿਲੇਗੀ? ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥ ਜਦ ਪੂਰਨ ਚੰਗੇ ਨਸੀਬਾਂ ਦੁਆਰਾ ਗੁਰੂ ਜੀ ਮੈਨੂੰ ਪ੍ਰਾਪਤ ਹੋਏ ਤਾਂ ਪ੍ਰੀਤਮ ਆ ਕੇ ਮੈਨੂੰ ਗਲ ਲਗ ਕੇ ਮਿਲਿਆ। ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥ ਮੇਰੀ ਜਿੰਦੜੀਏ, ਪੱਕਾ ਉਦਮ ਧਾਰ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਧਿਆਨ ਧਾਰ। ਠਹਿਰਾਉ। ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥ ਹੈ ਮੇਰੀ ਵਿਚਾਰਵਾਨ ਭਟਕਦੀ ਆਤਮਾ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰ। ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥ ਜਿਸ ਜਗ੍ਹਾਂ ਤੇ ਹਿਸਾਬ ਕਿਤਾਬ ਮੰਗਿਆ ਜਾਉ ਵਾਹਿਗੁਰੂ ਖ਼ੁਦ ਤੇਰੀ ਖਲਾਸੀ ਕਰਾ ਦੇਏਗਾ। ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥ ਮੇਰੀ ਫਿਰਤੂ ਜਿੰਦੇ! ਕਦੇ ਤੂੰ ਪਰਮ ਪਵਿੱਤਰ ਹੁੰਦੀ ਸੈ, ਹੁਣ ਤੈਨੂੰ ਹੰਕਾਰ ਦੀ ਮਲੀਨਤਾ ਆ ਕੇ ਚਿਮੜ ਗਈ ਹੈ। ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥ ਪ੍ਰੀਤਮ ਪਤੀ ਤੇਰੇ ਗ੍ਰਹਿ ਅੰਦਰ ਤੇਰੇ ਸਾਮ੍ਹਣੇ ਹੀ ਹੈ। ਉਸ ਨਾਲੋਂ ਜੁਦਾ ਹੋ ਤੂੰ ਸਟਾਂ ਸਹਾਰਦੀ ਹੈਂ। ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥ ਮੇਰੀ ਪਿਆਰੀ ਜਿੰਦੜੀਏ! ਉਦਮ ਕਰ ਅਤੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਨੂੰ ਚੰਗੀ ਤਰ੍ਹਾਂ ਢੂੰਡ। ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥ ਕਿਸੇ ਭੀ ਤਰਕੀਬ ਨਾਲ ਉਹ ਲੱਝ ਨਹੀਂ ਸਕਦਾ ਗੁਰੂ ਜੀ ਤੇਰੇ ਦਿਲ ਅੰਦਰ ਹੀ ਤੈਨੂੰ ਵਾਹਿਗੁਰੁ ਵਿਖਾਲ ਦੇਣਗੇ। ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥ ਮੇਰੀ ਪਿਆਰੀ ਜਿੰਦੜੀਏ! ਹੱਲਾ ਬੋਲ ਦੇ, ਅਤੇ ਦਿਹੁੰ ਰਾਤ੍ਰੀ ਵਾਹਿਗੁਰੂ ਨਾਲ ਪਿਰਹੜੀ ਪਾ। ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥ ਗੁਰਾਂ ਦੀ ਮਿਲਾਈ ਹੋਈ, ਜਦ ਤੂੰ ਹਰੀ ਨੂੰ ਮਿਲ ਪਾਵੇਗੀ, ਤਦ ਤੂੰ ਆਪਣੇ ਗ੍ਰਹਿ ਨੂੰ ਜਾਵੇਗੀ, ਤੇ ਪ੍ਰੀਤ ਦੇ ਮੰਦਰ ਨੂੰ ਪ੍ਰਾਪਤ ਹੋ ਜਾਵੇਗੀ। ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥ ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਸਜਣੀ ਹੈ, ਤੂੰ ਦੰਭ ਅਤੇ ਲਾਲਚ ਨੂੰ ਛਡ ਦੇ। ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥ ਦੰਭੀ ਅਤੇ ਲਾਲਚੀ ਮਾਰੇ ਕੁਟੇ ਜਾਂਦੇ ਹਨ, ਆਪਣੇ ਸੋਟੇ ਨਾਲ ਮੌਤ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ। ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥ ਹੈ ਮੇਰੀ ਰਮਤੀ ਆਤਮਾ! ਤੂੰ ਮੇਰੀ ਜਿੰਦ ਜਾਨ ਹੈਂ। ਤੂੰ ਦੰਭ ਅਤੇ ਸੰਦੇਹ ਦੀ ਗੰਦਗੀ ਨੂੰ ਉਤਾਰ ਛਡ। ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥ ਪੂਰਨ ਗੁਰੂ ਜੀ ਈਸ਼ਵਰੀ ਆਬਿ-ਹਿਯਾਤ ਦੇ ਤਾਲਾਬ ਹਨ। ਸਤਿ ਸੰਗਤ ਨਾਲ ਜੁੜਨ ਦੁਆਰਾ ਗਿਲਾਜ਼ਤ ਉਤਰ ਜਾਂਦੀ ਹੈ। ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥ ਹੈ ਮੇਰੀ ਪਿਆਰੀ ਜਿੰਦੜੀਏ! ਉਪਰਾਲਾ ਕਰ ਅਤੇ ਕੇਵਲ ਗੁਰਾਂ ਦੇ ਉਪਦੇਸ਼ ਨੂੰ ਹੀ ਸ੍ਰਵਣ ਕਰ। ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥ ਮੋਹਨੀ ਦੀ ਇਹ ਪ੍ਰੀਤ ਘਨੇਰੀ ਫੈਲੀ ਹੋਈ ਹੈ। ਅਖ਼ੀਰ ਨੂੰ ਪ੍ਰਾਣੀ ਦੇ ਨਾਲ ਕੁਛ ਭੀ ਨਹੀਂ ਜਾਂਦਾ। ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥ ਹੈ ਫ਼ਿਰਤੂ ਆਤਮਾ! ਮੇਰੀ ਸਜਣੀਏ! ਵਾਹਿਗੁਰੂ ਦੇ ਨਾਮ ਨੂੰ ਆਪਣੇ ਸਫ਼ਰ ਖਰਚ ਵਜੋਂ ਪ੍ਰਾਪਤ ਕਰ ਤੇ ਐਕੁਰ ਇੱਜ਼ਤ ਪਾ। ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥ ਵਾਹਿਗੁਰੂ ਦੇ ਦਰਬਾਰ ਅੰਦਰ ਤੈਨੂੰ ਇੱਜ਼ਤ ਦੀ ਪੁਸ਼ਾਕ ਪਵਾਈ ਜਾਏਗੀ ਅਤੇ ਵਾਹਿਗੁਰੂ ਖੁਦ ਤੈਨੂੰ ਆਪਣੀ ਗਲਵਕੜੀ ਵਿੱਚ ਲਵੇਗਾ। ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥ ਹੈ ਮੇਰੀ ਫ਼ਿਰਤੂ ਆਤਮਾ! ਜੋ ਗੁਰਾਂ ਦੀ ਤਾਬੇਦਾਰੀ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਤਾਬੇ ਸਾਹਿਬ ਦੀ ਆਪਣੀ ਚਾਕਰੀ ਕਰਦਾ ਹੈ। ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥ ਗੁਰਾਂ ਦੇ ਮੂਹਰੇ ਪ੍ਰਾਰਥਨਾ ਕਰ ਹੇ ਗੋਲੇ ਨਾਨਕ ਅਤੇ ਉਹ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਗੇ। ਗਉੜੀ ਮਹਲਾ ੪ ॥ ਗਊੜੀ ਪਾਤਸ਼ਾਹੀ ਚੋਥੀ। ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥ ਹੇ ਮੇਰੀ ਧਿਆਨਵਾਨ ਆਤਮਾ! ਹੰਭਲਾ ਮਾਰ ਸਿਮਰਨ ਕਰ ਅਤੇ ਗਹੁ ਨਾਲ ਵੇਖ। ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥ ਜੰਗਲਾਂ ਵਿੱਚ ਰਹਿਣ ਵਾਲੇ ਜੰਗਲਾ ਅੰਦਰ ਭਰਮਦੇ ਹੰਭ ਗਏ ਹਨ। ਗੁਰਾਂ ਦੀ ਸਿਖ-ਮਤ ਦੁਆਰਾ ਪਤੀ ਨੂੰ ਆਪਣੇ ਦਿਲ ਅੰਦਰ ਹੀ ਵੇਖ। ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥ ਹੈ ਮੇਰੀ ਜਿੰਦੇ! ਧਾਵਾ ਬੋਲ ਅਤੇ ਰਬ ਰੂਪ-ਗੁਰਾਂ ਨੂੰ ਯਾਦ ਕਰ। ਠਹਿਰਾਉ। ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥ ਹੈ ਮੇਰੀ ਰਮਤੀ ਗਰੀਬ ਜਿੰਦੜੀਏ! ਪ੍ਰਤੀਕੂਲ ਭਾਰੀ ਫ਼ਾਹੀ ਅੰਦਰ ਫਸੇ ਹੋਏ ਹਨ। ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥ ਮਾਲਕ ਸੁਆਮੀ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਪਵਿੱਤਰ ਪੁਰਸ਼ ਮੁਕਤ ਹੋ ਜਾਂਦਾ ਹੈ। ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥ ਹੇ ਸਨੇਹੀ ਆਤਮਾ! ਦਿਲੀ ਉਪਰਾਲਾ ਕਰ ਅਤੇ ਸਾਧ ਸੰਗਤ ਅਤੇ ਸੱਚੇ ਗੁਰਾਂ ਨੂੰ ਖੋਜ। ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥ ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਅਤੇ ਮਾਲਕ ਸੁਆਮੀ ਤੇਰੇ ਸਾਥ ਜਾਏਗਾ। ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥ ਹੇ ਮੇਰੀ ਚੰਗੇ ਭਾਗਾਂ ਵਾਲੀ ਭਟਕਦੀ ਜਿੰਦੇ! ਤੂੰ ਸੁਆਮੀ ਦੀ ਇਕ ਨਜ਼ਰ ਨਾਲ ਪਰਮ ਪਰਸੰਨ ਹੋ ਜਾਵੇਗੀ। copyright GurbaniShare.com all right reserved. Email:- |