Page 228
ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥
ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।

ਸਾਚ ਮਹਲਿ ਗੁਰਿ ਅਲਖੁ ਲਖਾਇਆ ॥
ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿਤਾ ਹੈ।

ਨਿਹਚਲ ਮਹਲੁ ਨਹੀ ਛਾਇਆ ਮਾਇਆ ॥
ਅਹਿੱਲ ਹੈ ਇਹ ਟਿਕਾਣਾ। ਇਹ ਮੋਹਨੀ ਦਾ ਪ੍ਰਤੀਬਿੰਬ ਨਹੀਂ।

ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥
ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ।

ਜਿਨ ਕੈ ਮਨਿ ਵਸਿਆ ਸਚੁ ਸੋਈ ॥
ਜਿਨ੍ਹਾਂ ਦੇ ਅੰਤਰ-ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ।

ਤਿਨ ਕੀ ਸੰਗਤਿ ਗੁਰਮੁਖਿ ਹੋਈ ॥
ਉਨ੍ਹਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਧਰਮਾਤਮਾ ਹੋ ਜਾਂਦਾ ਹੈ।

ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥
ਨਾਨਕ ਸੱਚ ਨਾਮ ਮੈਲ ਨੂੰ ਧੋ ਸੁਟਦਾ ਹੈ।

ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।

ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥
ਜਿਸ ਦੀ ਆਤਮਾ ਪ੍ਰਭੂ ਦੇ ਨਾਮ ਨਾਲ ਰੰਗੀ ਹੋਈ ਹੈ।

ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥
ਸਵੇਰੇ ਪਹੁ-ਫੁਟਾਲੇ ਉਸ ਦਾ ਦੀਦਾਰ ਦੇਖ।

ਰਾਮ ਨ ਜਪਹੁ ਅਭਾਗੁ ਤੁਮਾਰਾ ॥
ਤੂੰ ਵਿਆਪਕ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਇਹ ਤੇਰੀ ਬਦਕਿਸਮਤੀ ਹੈ।

ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥
ਹਰਿ ਯੁਗ ਅੰਦਰ ਮੇਰਾ ਸੁਆਮੀ ਮਾਲਕ ਬਖਸ਼ਸ਼ ਕਰਣਹਾਰ ਹੈ। ਠਹਿਰਾਉ।

ਗੁਰਮਤਿ ਰਾਮੁ ਜਪੈ ਜਨੁ ਪੂਰਾ ॥
ਗੁਰਾਂ ਦੇ ਉਪਦੇਸ਼ ਤਾਬੇ ਪੂਰਨ ਪੁਰਸ਼ ਪ੍ਰਭੂ ਦਾ ਸਿਮਰਨ ਕਰਦਾ ਹੈ।

ਤਿਤੁ ਘਟ ਅਨਹਤ ਬਾਜੇ ਤੂਰਾ ॥੨॥
ਉਸ ਦੇ ਚਿੱਤ ਅੰਦਰ ਬਿਨਾ ਵਜਾਏ ਸੁਰੀਲੇ ਵਾਜੇ ਵੱਜਦੇ ਹਨ।

ਜੋ ਜਨ ਰਾਮ ਭਗਤਿ ਹਰਿ ਪਿਆਰਿ ॥
ਜਿਹੜੇ ਪੁਰਸ਼ ਵਾਹਿਗੁਰੂ ਅਤੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਮੁਹੱਬਤ ਕਰਦੇ ਹਨ।

ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥
ਉਨ੍ਹਾਂ ਨੂੰ ਮਾਲਕ ਮਿਹਰ ਕਰ ਕੇ ਬਚਾ ਲੈਂਦਾ ਹੈ।

ਜਿਨ ਕੈ ਹਿਰਦੈ ਹਰਿ ਹਰਿ ਸੋਈ ॥
ਜਿਨ੍ਹਾਂ ਦੇ ਦਿਲ ਵਿੱਚ ਉਹ ਵਾਹਿਗੁਰੂ ਸੁਆਮੀ ਵਸਦਾ ਹੈ,

ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।

ਸਰਬ ਜੀਆ ਮਹਿ ਏਕੋ ਰਵੈ ॥
ਸਮੂਹ ਜੀਵਾਂ ਅੰਦਰ ਇਕ ਸੁਆਮੀ ਰਮਿਆ ਹੋਇਆ ਹੈ।

ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥
ਮਗ਼ਰੂਰ ਆਪ-ਹੁਦਰਾ ਪੁਰਸ਼, ਆਖ਼ਰਕਾਰ ਜੂਨੀਆਂ ਅੰਦਰ ਭਟਕਦਾ ਹੈ।

ਸੋ ਬੂਝੈ ਜੋ ਸਤਿਗੁਰੁ ਪਾਏ ॥
ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ ਜੋ ਸੱਚੇ ਗੁਰਾਂ ਨੂੰ ਪ੍ਰਾਪਤ ਕਰਦਾ ਹੈ।

ਹਉਮੈ ਮਾਰੇ ਗੁਰ ਸਬਦੇ ਪਾਏ ॥੬॥
ਆਪਣੀ ਹੰਗਤਾ ਦੂਰ ਕਰਕੇ, ਉਹ ਗੁਰਾਂ ਦੇ ਸ਼ਬਦ ਨੂੰ ਪਾ ਲੈਂਦਾ ਹੈ।

ਅਰਧ ਉਰਧ ਕੀ ਸੰਧਿ ਕਿਉ ਜਾਨੈ ॥
ਨੀਵੇ ਇਨਸਾਨ ਦੇ ਉਚੇ ਸਾਹਿਬ ਨਾਲ ਮਿਲਾਪ ਬਾਰੇ ਪ੍ਰਾਣੀ ਕਿਸ ਤਰ੍ਹਾਂ ਜਾਣ ਸਕਦਾ ਹੈ।

ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥
ਗੁਰਾਂ ਦੀ ਦਇਆ ਦੁਆਰਾ ਅਤੇ ਆਤਮਾ ਦੀ ਸੰਤੁਸ਼ਟਤਾ ਰਾਹੀਂ ਮਨੁੱਖ ਮਾਲਕ ਦੇ ਮਿਲਾਪ ਨਾਲ ਮਿਲ ਜਾਂਦਾ ਹੈ।

ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥
ਮੈਂ ਚੰਗਿਆਈ-ਵਿਹੁਣ ਗੁਨਾਹਗਾਰ ਹਾਂ, ਹੈ ਮੇਰੇ ਮਾਲਕ! ਮੇਰੇ ਉਤੇ ਪਰਉਪਕਾਰ ਕਰ।

ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥
ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।

ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
ਸੋਲਾਂ ਅਸ਼ਟਪਦੀਆਂ ਗੁਆਰੇਰੀ ਗਊੜੀ ਦੀਆਂ।

ਗਉੜੀ ਬੈਰਾਗਣਿ ਮਹਲਾ ੧
ਗਊੜੀ ਬੈਰਾਗਣ ਪਾਤਸ਼ਾਹੀ ਪਹਿਲੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥
ਜਿਸ ਤਰ੍ਹਾਂ ਚਰਵਾਹਾ ਆਪਣੀਆਂ ਗਊਆਂ ਨੂੰ ਸੰਭਾਲਦਾ ਤੇ ਉਨ੍ਹਾਂ ਦੀ ਨਿਗਾਹਬਾਨੀ ਕਰਦਾ ਹੈ,

ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥
ਏਸੇ ਤਰ੍ਹਾਂ ਰੱਬ ਬੰਦੇ ਦੀ ਦਿਨ ਤੇ ਰੈਣ ਪ੍ਰਵਰਸ਼ ਤੇ ਰਾਖੀ ਕਰਦਾ ਹੈ ਅਤੇ ਉਸ ਦੇ ਮਨ ਅੰਦਰ ਠੰਡ-ਚੈਨ ਅਸਥਾਪਨ ਕਰਦਾ ਹੈ।

ਇਤ ਉਤ ਰਾਖਹੁ ਦੀਨ ਦਇਆਲਾ ॥
ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।

ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥
ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।

ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਤੂੰ ਵਿਆਪਕ ਹੋ ਰਿਹਾ ਹੈ। ਮੇਰੀ ਰਖਿਆ ਕਰ, ਤੂੰ ਹੇ ਰਖਣ ਵਾਲੇ!

ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥
ਤੂੰ ਦੇਣ ਵਾਲਾ ਹੈ, ਭੋਗਣਹਾਰ ਭੀ ਤੂੰ ਹੈ ਅਤੇ ਤੂੰ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ।

ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥
ਬ੍ਰਹਿਮ-ਗਿਆਤ ਨੂੰ ਸੋਚਣ-ਵਿਚਾਰਣ ਦੇ ਬਗ਼ੈਰ ਪ੍ਰਾਣੀ, ਆਪਣੇ ਕਰਮਾਂ ਦੇ ਅਨੁਸਾਰ ਨੀਵਾਂ ਡਿਗਦਾ ਜਾਂ ਉੱਚਾ ਹੋ ਜਾਂਦਾ ਹੈ।

ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥
ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਦੀ ਬਾਝੋਂ ਹਨ੍ਹੇਰਾ ਦੂਰ ਨਹੀਂ ਹੁੰਦਾ।

ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥
ਲਾਲਚ ਅਤੇ ਗ਼ਰੂਰ ਰਾਹੀਂ ਮੈਂ ਦੁਨੀਆਂ ਨੂੰ ਤਬਾਹ ਹੁੰਦੀ ਤੱਕਿਆ ਹੈ।

ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥
ਗੁਰਾਂ ਦੀ ਘਾਲ ਦੁਆਰਾ ਸਾਹਿਬ ਅਤੇ ਮੋਖਸ਼ ਦਾ ਸੱਚਾ ਦਰਵਾਜ਼ਾ ਮੈਂ ਪ੍ਰਾਪਤ ਕੀਤਾ ਹੈ।

ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
ਅਨੰਤ ਸੁਆਮੀ ਦਾ ਮੰਦਰ, ਪ੍ਰਾਣੀ ਦੇ ਆਪਣੇ ਨਿੱਜ ਦੇ ਗ੍ਰਹਿ ਦਿਲ ਵਿੱਚ ਹੈ ਤੇ ਉਹ ਸੁਆਮੀ ਪਰੇ ਤੋਂ ਪਰੇ ਹੈ।

ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥
ਨਾਮ ਦੇ ਬਗ਼ੈਰ ਕੁਝ ਭੀ ਮੁਸਤਕਿਲ ਨਹੀਂ। ਮਾਲਕ ਨੂੰ ਸਮਝਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।

ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥
ਤੂੰ ਕੀ ਲਿਆਇਆ ਸੈ, ਅਤੇ ਜਦ ਤੂੰ ਮੌਤ ਦੀ ਫ਼ਾਹੀ ਵਿੱਚ ਫਾਥਾ ਕੀ ਲੈ ਜਾਵੇਗਾ?

ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥
ਰੱਸੇ ਨਾਲ ਘੁਟ ਕੇ ਬੰਨ੍ਹੇ ਹੋਏ ਖੂਹ ਵਾਲੇ ਡੋਲ ਦੀ ਤਰ੍ਹਾਂ ਤੂੰ ਕਦੇ ਅਸਮਾਨ ਵਿੱਚ ਹੁੰਦਾ ਹੈ ਤੇ ਕਦੇ ਪਾਤਾਲ ਵਿੱਚ।

ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥
ਜੇਕਰ ਗੁਰਾਂ ਦੇ ਉਪਦੇਸ਼ ਦੀ ਬਰਕਤ ਨਾਲ ਬੰਦਾ ਨਾਮ ਨੂੰ ਨਾਂ ਭੁਲੇ ਤਾਂ ਉਹ ਸੁਖੈਨ ਹੀ ਇੱਜ਼ਤ ਪਾ ਲੈਂਦਾ ਹੈ।

ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥
ਅੰਦਰਵਾਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਮਿਲਦਾ ਹੈ।

ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਪ੍ਰਾਣੀ ਗੁਣਵੰਤ ਪੁਰਖ ਦੀ ਗੋਦੀ ਵਿੱਚ ਜਾ ਲੀਨ ਹੁੰਦਾ ਹੈ।

ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥
ਇਹ ਮਿਲਾਪ ਹੈ ਨਾਨਕ! ਟੁਟਦਾ ਨਹੀਂ ਅਤੇ ਉਹ ਸੱਚਾ ਨਫ਼ਾ ਕਮਾ ਲੈਂਦਾ ਹੈ।

copyright GurbaniShare.com all right reserved. Email:-