Page 229
ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।

ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
ਜੇਕਰ ਗੁਰਾਂ ਦੀ ਦਇਆ ਦੁਆਰਾ, ਇਨਸਾਨ ਸਾਹਿਬ ਨੂੰ ਸਮਝ ਲਵੇ ਤਾਂ ਉਸ ਦਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।

ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥
ਜਿਸ ਦਾ ਨਾਮ ਪਵਿੱਤ੍ਰ ਪੁਰਸ਼ ਹੈ ਅਤੇ ਜੋ ਹਰਿ ਦਿਲ ਅੰਦਰ ਸਮਾ ਰਿਹਾ ਹੈ, ਉਹ ਮੇਰਾ ਮਾਲਕ ਹੈ।

ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥
ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਬੰਦੇ ਦੀ ਖਲਾਸੀ ਨਹੀਂ ਹੁੰਦੀ। ਇਸ ਨੂੰ ਸੋਚ ਸਮਝ ਕੇ ਵੇਖ ਲਉ।

ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥
ਭਾਵੇਂ ਆਦਮੀ ਲੱਖਾਂ ਹੀ ਕਰਮਕਾਂਡ ਪਿਆ ਕਮਾਵੇ, ਪਰ ਗੁਰਾਂ ਦੇ ਬਗ਼ੈਰ ਸਭ ਹਨ੍ਹੇਰਾ ਹੀ ਹੈ। ਠਹਿਰਾਉ।

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
ਆਪਾਂ ਉਨ੍ਹਾਂ ਨੂੰ ਕੀ ਆਖੀਏ ਜਿਹੜੇ ਅੰਨ੍ਹੇ ਅਤੇ ਸਿਆਣਪ ਤੋਂ ਸੱਖਣੇ ਹਨ?

ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥
ਗੁਰਾਂ ਦੇ ਬਾਝੋਂ ਰਸਤਾ ਦਿਖਾਈ ਨਹੀਂ ਦਿੰਦਾ ਤਦ ਆਦਮੀ ਦਾ ਕਿਸ ਤਰ੍ਹਾਂ ਗੁਜ਼ਾਰਾ ਚੱਲੇ?

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
ਜਾਹਲੀ ਨੂੰ ਆਦਮੀ ਅਸਲੀ ਆਖਦਾ ਹੈ ਅਤੇ ਅਸਲੀ ਦੀ ਉਹ ਕਦਰ ਹੀ ਨਹੀਂ ਪਛਾਣਦਾ।

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
ਅੰਨ੍ਹੇ ਮਨੁੱਖ ਦਾ ਨਾਮ ਜਾਂਚ ਪੜਤਾਲ ਕਰਨ ਵਾਲਾ ਹੈ। ਅਸਚਰਜ ਹੈ ਇਹ ਕਲਜੁਗ ਦਾ ਸਮਾਂ।

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥
ਸੁੱਤੇ ਹੋਏ ਨੂੰ ਜਾਗਦਾ ਆਖਦਾ ਹੈ ਅਤੇ ਜਾਗਦੇ ਨੂੰ ਸੁੱਤਾ ਪਿਆ ਕਹਿੰਦਾ ਹੈ।

ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
ਇਹ ਜੀਉਂਦੇ ਹੋਏ ਨੂੰ ਮੁਰਦਾ ਆਖਦਾ ਹੈ, ਅਤੇ ਦਰ ਅਸਲ ਮਰਿਆ ਹੋਇਆ ਲਈ ਵਿਰਲਾਪ ਨਹੀਂ ਕਰਦਾ।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
ਜੋ ਆ ਰਿਹਾ ਹੈ ਉਹ ਆਖਦਾ ਹੈ ਜਾ ਰਿਹਾ ਹੈ, ਅਤੇ ਜੋ ਗਿਆ ਹੋਇਆ ਹੈ ਉਸ ਨੂੰ ਆਇਆ ਕਹਿੰਦਾ ਹੈ।

ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥
ਆਦਮੀ ਪਰਾਈ ਮਲਕੀਅਤ ਨੂੰ ਆਪਣੀ ਨਿੱਜ ਦੀ ਆਖਦਾ ਹੈ ਅਤੇ ਆਪਣੀ ਨਿੱਜ ਦੀ ਨੂੰ ਪਸੰਦ ਨਹੀਂ ਰਖਦਾ।

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
ਜੋ ਮਿੱਠਾ ਹੈ ਉਸ ਨੂੰ ਉਹ ਕੋੜਾ ਆਖਦਾ ਹੈ ਅਤੇ ਕੌੜੇ ਨੂੰ ਉਹ ਮਿੱਠਾ ਦਸਦਾ ਹੈ।

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥
ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਦੀ ਉਹ ਬਦਖੋਹੀ ਕਰਦਾ ਹੈ। ਇਹੋ ਜਿਹਾ ਵਰਤਾਰਾ ਮੈਂ ਕਲਜੁਗ ਵਿੱਚ ਵੇਖਿਆ ਹੈ।

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
ਇਨਸਾਨ ਨੌਕਰਾਣੀ ਦੀ ਟਹਿਲ ਕਮਾਉਂਦਾ ਹੈ ਪ੍ਰੰਤੂ ਮਾਲਕ ਨੂੰ ਉਹ ਵੇਖਦਾ ਹੀ ਨਹੀਂ।

ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
ਛੱਪੜ ਦਾ ਪਾਣੀ ਰਿੜਕਣ ਦੁਆਰਾ ਮੱਖਣ ਨਹੀਂ ਨਿਕਲਦਾ।

ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
ਜੋ ਇਸ ਅਵਸਥਾ ਦੇ ਅਰਥ ਸਮਝਦਾ ਹੈ, ਉਹ ਮੇਰਾ ਉਸਤਾਦ ਹੈ।

ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥
ਜੋ ਆਪਣੇ ਆਪ ਨੂੰ ਜਾਣਦਾ ਹੈ, ਹੈ ਨਾਨਕ! ਉਹ ਬੇਅੰਤ ਅਤੇ ਲਾਸਾਨੀ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
ਖ਼ੁਦ-ਬ-ਖ਼ੁਦ ਹੀ ਸਾਹਿਬ ਸਾਰੇ ਵਿਆਪਕ ਹੋ ਰਿਹਾ ਹੈ ਤੇ ਉਹ ਖ਼ੁਦ ਹੀ ਪ੍ਰਾਣੀਆਂ ਨੂੰ ਕੁਰਾਹੇ ਭਟਕਾਉਂਦਾ ਹੈ।

ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥
ਗੁਰਾਂ ਦੀ ਦਇਆ ਰਾਹੀਂ, ਇਨਸਾਨ ਵਿੱਚ ਸਮਝਦਾ ਹੈ ਕਿ ਸਾਰਿਆਂ ਅੰਦਰ ਸੁਆਮੀ ਰਮਿਆ ਹੋਇਆ ਹੈ।

ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
ਰਾਗ ਗਊੜੀ ਗੁਆਰੇਰੀ ਪਾਤਸ਼ਾਹੀ ਤੀਜੀ ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।

ਮਨ ਕਾ ਸੂਤਕੁ ਦੂਜਾ ਭਾਉ ॥
ਹੋਰਸ ਦੀ ਪ੍ਰੀਤ ਚਿੱਤ ਦੀ ਨਾਪਾਕੀ ਹੈ।

ਭਰਮੇ ਭੂਲੇ ਆਵਉ ਜਾਉ ॥੧॥
ਵਹਿਮ ਦਾ ਘੁਸਾਇਆ ਹੋਇਆ ਬੰਦਾ ਆਉਂਦਾ ਤੇ ਜਾਂਦਾ ਹੈ।

ਮਨਮੁਖਿ ਸੂਤਕੁ ਕਬਹਿ ਨ ਜਾਇ ॥
ਪ੍ਰਤੀਕੂਲ ਪੁਰਸ਼ ਦੀ ਅਪਵਿਤਰਤਾ ਕਦਾਚਿੱਤ ਦੂਰ ਨਹੀਂ ਹੁੰਦੀ।

ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥
ਜਦ ਤਾਈ ਉਹ ਗੁਰਾਂ ਦੇ ਉਪਦੇਸ਼ ਤਾਬੇ ਰੱਬ ਦੇ ਨਾਮ ਅੰਦਰ ਗੜੂੰਦ ਨਹੀਂ ਹੁੰਦਾ। ਠਹਿਰਾਉ।

ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
ਦ੍ਰਿਸ਼ਟਮਾਨ ਪਦਾਰਥਾਂ ਦੀ ਤਮਾਮ ਲਗਨ ਸਭ ਅਸ਼ੁੱਧਤਾ ਹੀ ਹੈ!

ਮਰਿ ਮਰਿ ਜੰਮੈ ਵਾਰੋ ਵਾਰ ॥੨॥
ਇਸ ਦੇ ਕਾਰਨ ਪ੍ਰਾਣੀ ਮੁੜ ਮੁੜ ਕੇ, ਮਰਦਾ ਅਤੇ ਜੰਮਦਾ ਹੈ।

ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
ਅਪਵਿੱਤ੍ਰਤਾ ਅੱਗ, ਹਵਾ ਅਤੇ ਜਲ ਵਿੱਚ ਹੈ।

ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।

ਸੂਤਕਿ ਕਰਮ ਨ ਪੂਜਾ ਹੋਇ ॥
ਭ੍ਰਿਸ਼ਟਤਾ ਹੈ, ਇਨਸਾਨ ਦੇ ਅਮਲਾ ਵਿੱਚ ਕਿਉਂਕਿ ਉਹ ਸਾਹਿਬ ਦੀ ਉਪਾਸ਼ਨਾ ਨਹੀਂ ਕਰਦਾ।

ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
ਵਾਹਿਗੁਰੂ ਦੇ ਨਾਮ ਨਾਲ ਰੰਗੀਜਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ।

ਸਤਿਗੁਰੁ ਸੇਵਿਐ ਸੂਤਕੁ ਜਾਇ ॥
ਸੱਚੇ ਗੁਰਾਂ ਦੀ ਟਹਿਲ ਕਮਾਉਣ ਨਾਲ ਅਪਵਿੱਤ੍ਰਤਾ ਚਲੀ ਜਾਂਦੀ ਹੈ,

ਮਰੈ ਨ ਜਨਮੈ ਕਾਲੁ ਨ ਖਾਇ ॥੫॥
ਅਤੇ ਆਦਮੀ ਨਾਂ ਮਰਦਾ ਹੈ ਨਾਂ ਹੀ ਮੁੜ ਜੰਮਦਾ ਹੈ, ਨਾਂ ਹੀ ਮੌਤ ਉਸ ਨੂੰ ਨਿਗਲਦੀ ਹੈ।

ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
ਕੋਈ ਜਣਾ ਸ਼ਾਸਤ੍ਰਾਂ ਅਤੇ ਸਿਮਰਤੀਆਂ ਨੂੰ ਘੋਖ ਕੇ ਵੇਖ ਲਵੇ।

ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥
ਨਾਮ ਦੇ ਬਾਝੋਂ ਕੋਈ ਭੀ ਮੁਕਤ ਨਹੀਂ ਹੁੰਦਾ।

ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।

ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥
ਕਲਜੁਗ ਅੰਦਰ ਕੇਵਲ ਗੁਰੂ-ਅਨੁਸਾਰੀ ਦਾ ਪਾਰ ਉਤਾਰਾ ਹੁੰਦਾ ਹੈ।

ਸਾਚਾ ਮਰੈ ਨ ਆਵੈ ਜਾਇ ॥
ਸੱਚਾ ਸਾਹਿਬ ਮਰਦਾ ਨਹੀਂ। ਉਹ ਆਉਂਦਾ ਤੇ ਜਾਂਦਾ ਨਹੀਂ।

ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥
ਨਾਨਕ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਨਾਮ ਅੰਦਰ ਲੀਨ ਰਹਿੰਦਾ ਹੈ।

ਗਉੜੀ ਮਹਲਾ ੩ ॥
ਗਊੜੀ ਪਾਤਸ਼ਾਹੀ ਤੀਜੀ।

ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥
ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।

ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥
ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।

ਗੁਰਮੁਖਿ ਸੋਭਾ ਸਾਚ ਦੁਆਰਾ ॥੧॥
ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।

ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।

ਗੁਰਮੁਖਿ ਭਉਜਲੁ ਉਤਰਹੁ ਪਾਰਾ ॥੧॥ ਰਹਾਉ ॥
ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।

copyright GurbaniShare.com all right reserved. Email:-