ਦੂਜੈ ਭਾਇ ਦੈਤ ਸੰਘਾਰੇ ॥
ਦਵੈਤਭਾਵ ਦੇ ਕਾਰਨ, ਵਾਹਿਗੁਰੂ ਨੇ ਰਾਖਸ਼ ਤਬਾਹ ਕਰ ਦਿਤੇ। ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥ ਉਨ੍ਹਾਂ ਦੇ ਸੱਚੇ ਅਨੁਰਾਗ ਖ਼ਾਤਰ ਸੁਆਮੀ ਨੇ ਗੁਰੂ ਅਨੁਸਾਰੀਆਂ ਨੂੰ ਤਾਰ ਦਿਤਾ। ਬੂਡਾ ਦੁਰਜੋਧਨੁ ਪਤਿ ਖੋਈ ॥ ਹੰਕਾਰ ਅਦਰਿ ਡੁੱਬ ਕੇ ਦਰਯੋਧਨ ਨੇ ਆਪਣੀ ਇੱਜ਼ਤ ਵੰਞਾ ਲਈ। ਰਾਮੁ ਨ ਜਾਨਿਆ ਕਰਤਾ ਸੋਈ ॥ ਉਸ ਨੇ ਉਸ ਸਰਬ ਵਿਆਪੀ ਸੁਆਮੀ ਸਿਰਜਣਹਾਰ ਨੂੰ ਅਨੁਭਵ ਨਾਂ ਕੀਤਾ। ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥ ਜੋ ਰਬ ਦੇ ਗੋਲੇ ਨੂੰ ਦੁਖ ਦਿੰਦਾ ਹੈ, ਉਹ ਖੁਦ ਪੀੜਾ ਅੰਦਰ ਗਲ ਸੜ ਜਾਂਦਾ ਹੈ। ਜਨਮੇਜੈ ਗੁਰ ਸਬਦੁ ਨ ਜਾਨਿਆ ॥ ਜਨਮੇਜੇ ਨੇ ਗੁਰੂ ਦੇ ਬਚਨ ਨੂੰ ਅਨੁਭਵ ਨਾਂ ਕੀਤਾ। ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥ ਸੰਦੇਹ ਵਿੱਚ ਕੁਰਾਹੇ ਪਿਆ ਹੋਇਆ ਉਹ ਆਰਾਮ ਕਿਸ ਤਰ੍ਹਾਂ ਪਾ ਸਕਦਾ ਸੀ। ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥ ਸਾਹਿਬ ਨੂੰ ਇਕ ਮੁਹਤ ਭਰ ਲਈ ਵਿਸਾਰਨ ਕਰ ਕੇ ਇਨਸਾਨ ਮਗਰੋਂ ਪਸਚਾਤਾਪ ਕਰਦਾ ਹੈ। ਕੰਸੁ ਕੇਸੁ ਚਾਂਡੂਰੁ ਨ ਕੋਈ ॥ ਕੰਸ ਕੇਸ ਅਤੇ ਚਾਂਡੂਰ ਦੇ ਤੁੱਲ ਕੋਈ ਨਹੀਂ ਸੀ। ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥ ਸਰਬ-ਵਿਆਪਕ ਸੁਆਮੀ ਨੂੰ ਜਾਨਣ ਦੇ ਬਗ਼ੈਰ ਉਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਗੁਆ ਲਈ। ਬਿਨੁ ਜਗਦੀਸ ਨ ਰਾਖੈ ਕੋਈ ॥੧੧॥ ਆਲਮ ਦੇ ਸੁਆਮੀ ਦੇ ਬਾਝੋਂ ਕੋਈ ਭੀ ਪ੍ਰਾਣੀ ਨੂੰ ਬਚਾ ਨਹੀਂ ਸਕਦਾ। ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥ ਗੁਰਾਂ ਦੇ ਬਗੈਰ ਸਵੈ-ਹੰਗਤਾ ਮੇਸੀ ਨਹੀਂ ਜਾ ਸਕਦੀ। ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥ ਗੁਰਾਂ ਦੀ ਸਿਖਮਤ ਦੁਆਰਾ ਈਮਾਨ, ਤਸੱਲੀ ਅਤੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦੇ ਹਨ। ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥ ਨਾਨਕ, ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਚੋਆ ਚੰਦਨੁ ਅੰਕਿ ਚੜਾਵਉ ॥ ਮੈਂ ਅਗਰ ਤੇ ਚੰਨਣ ਦਾ ਅਤਰ ਆਪਣੀ ਦੇਹਿ ਦੇ ਅੰਗਾਂ ਨੂੰ ਮਲਾਂ। ਪਾਟ ਪਟੰਬਰ ਪਹਿਰਿ ਹਢਾਵਉ ॥ ਆਪਣੀ ਦੇਹਿ ਨੂੰ ਰੇਸ਼ਮ ਅਤੇ ਰੇਸ਼ਮੀ ਬਸਤਰ ਪਾਵਾਂ ਓਢਾਂ। ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ ਰਬ ਦੇ ਨਾਮ ਦੇ ਬਗੈਰ ਮੈਂ ਕਿਥੇ ਆਰਾਮ ਪਾ ਸਕਦਾ ਹਾਂ? ਕਿਆ ਪਹਿਰਉ ਕਿਆ ਓਢਿ ਦਿਖਾਵਉ ॥ ਮੈਂ ਕੀ ਪਹਿਨਾਂ ਅਤੇ ਕਿਹੜੀ ਪੁਸ਼ਾਕ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਾਂ? ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਮੈਂ ਠੰਢ-ਚੈਨ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ? ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ ਮੇਰੇ ਕੰਨੀ ਮੂਰਕੀਆਂ ਹੋਣ ਅਤੇ ਗਲ ਉਦਾਲੇ ਹੀਰਿਆਂ ਦਾ ਹਾਰ। ਲਾਲ ਨਿਹਾਲੀ ਫੂਲ ਗੁਲਾਲਾ ॥ ਮੇਰੇ ਪਾਸ ਸੂਹਾ ਪਲੰਘ-ਪੋਸ਼, ਪੁਸ਼ਪ ਅਤੇ ਸੂਹਾ ਧੂੜਾ ਹੋਵੇ। ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ ਸ੍ਰਿਸ਼ਟੀ ਦੇ ਮਾਲਕ ਦੇ ਬਗੈਰ, ਮੈਂ ਖੁਸ਼ੀ ਕਿੱਥੇ ਲੱਭ ਸਕਦਾ ਹਾਂ? ਨੈਨ ਸਲੋਨੀ ਸੁੰਦਰ ਨਾਰੀ ॥ ਮੇਰੇ ਕੋਲ ਮੋਹਨੀਆਂ ਅੱਖਾਂ ਵਾਲੀ ਰੂਪਵੰਤੀ ਇਸਤਰੀ ਹੋਵੇ। ਖੋੜ ਸੀਗਾਰ ਕਰੈ ਅਤਿ ਪਿਆਰੀ ॥ ਉਹ ਸੋਲਾਂ ਪਰਕਾਰ ਦਾ ਹਾਰਸ਼ਿੰਗਾਰ ਲਾਵੇ ਅਤੇ ਆਪਣੇ ਆਪ ਨੂੰ ਪਰਮ ਮਨ ਮੋਹ ਲੈਣ ਵਾਲੀ ਬਣਾ ਲਵੇ। ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥ ਜਹਾਨ ਦੇ ਮਾਲਕ ਦਾ ਆਰਾਧਨ ਕਰਨ ਬਗੈਰ ਇਨਸਾਨ ਸਦੀਵ ਹੀ ਖੱਜਲ-ਖੁਆਰ ਹੁੰਦਾ ਹੈ। ਦਰ ਘਰ ਮਹਲਾ ਸੇਜ ਸੁਖਾਲੀ ॥ ਆਪਣੇ ਘਰ ਬੂਹੇ ਤੇ ਮੰਦਰ ਅੰਦਰ ਬੰਦੇ ਕੋਲ ਆਰਾਮ-ਦਿਹ ਪਲੰਘ ਹੋਣ। ਅਹਿਨਿਸਿ ਫੂਲ ਬਿਛਾਵੈ ਮਾਲੀ ॥ ਦਿਨ ਰੈਣ ਮਾਲਣ ਉਸ ਉਤੇ ਪੁਸ਼ਪ ਖਿਲਾਰਦੀ ਹੋਵੇ। ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥ ਰੱਬ ਦੇ ਨਾਮ ਬਗ਼ੈਰ ਉਸਦਾ ਸਰੀਰ ਦੁਖੀ ਹੋਵੇਗਾ। ਹੈਵਰ ਗੈਵਰ ਨੇਜੇ ਵਾਜੇ ॥ ਵਧੀਆ ਕੋਤਲ, ਉਮਦਾ ਹਾਥੀ, ਬਰਛੇ, ਸੰਗੀਤਕ ਬੈਂਡ, ਲਸਕਰ ਨੇਬ ਖਵਾਸੀ ਪਾਜੇ ॥ ਫ਼ੌਜਾਂ, ਚੋਬਦਾਰ, ਪਾਤਸ਼ਾਹੀ ਅਹਿਲਕਾਰ ਅਤੇ ਕੂੜੇ ਅਡੰਬਰ, ਬਿਨੁ ਜਗਦੀਸ ਝੂਠੇ ਦਿਵਾਜੇ ॥੫॥ ਸ੍ਰਿਸ਼ਟੀ ਦੇ ਸੁਆਮੀ ਦੇ ਬਾਝੋਂ ਇਹ ਕਾਰ ਵਿਹਾਰ ਫ਼ਜ਼ੂਲ ਹਨ। ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥ ਮੈਂ ਕਰਾਮਾਤੀ ਬੰਦਾ ਅਖਵਾਵਾਂ ਅਤੇ ਧਨ-ਦੌਲਤ ਤੇ ਗ਼ੈਬੀ ਸ਼ਕਤੀਆਂ ਨੂੰ ਆਪਣੇ ਕੋਲ ਸੱਦ ਲਵਾਂ। ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥ ਆਪਣੇ ਸੀਸ ਲਈ ਮੈਂ ਰਾਜਸੀ ਮੁਕਟ, ਸ਼ਾਹਾਨਾ ਟੋਪ ਅਤੇ ਪਾਤਸ਼ਾਹੀ ਸਰਗਸ਼ਤ ਬਣਵਾ ਲਵਾਂ। ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥ ਪ੍ਰੰਤੂ ਆਲਮ ਦੇ ਸੁਆਮੀ ਦੇ ਬਗੈਰ ਮੈਂ ਕਿੱਥੇ ਸੱਚੀ ਖੁਸ਼ੀ ਪਾ ਸਕਦਾ ਹਾਂ? ਖਾਨੁ ਮਲੂਕੁ ਕਹਾਵਉ ਰਾਜਾ ॥ ਮੈਂ ਸਰਦਾਰ, ਸ਼ਹਿਨਸ਼ਾਹ ਅਤੇ ਪਾਤਸ਼ਾਹ ਕਰ ਕੇ ਸੱਦਿਆਂ ਜਾਂਦਾ ਹੋਵਾਂ। ਅਬੇ ਤਬੇ ਕੂੜੇ ਹੈ ਪਾਜਾ ॥ ਹੰਕਾਰ ਅੰਦਰ ਮੈਂ ਹੋਰਨਾਂ ਨੂੰ "ਹਮਕੀ ਤੁਮਕੀ" ਕਰਾਂ, ਪਰ ਇਹ ਸਾਰਾ ਕੁਛ ਝੂਠਾ ਦਿਖਾਵਾ ਹੈ। ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥ ਗੁਰਾਂ ਦੇ ਉਪਦੇਸ਼ ਦੇ ਬਗ਼ੈਰ ਕਾਰਜ ਰਾਸ ਨਹੀਂ ਆਉਂਦਾ। ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ ਹੰਕਾਰ ਤੇ ਅਪਣੱਤ ਮੈਂ ਗੁਰਾਂ ਦੇ ਉਪਦੇਸ਼ ਤਾਬੇ ਭੁਲਾ ਛੱਡੀਆਂ ਹਨ। ਗੁਰਮਤਿ ਜਾਨਿਆ ਰਿਦੈ ਮੁਰਾਰੀ ॥ ਗੁਰਾਂ ਦੀ ਸਿਖ-ਮਤ ਦੁਆਰਾ ਮੁਰ, ਦੈਂਤ, ਦੇ ਮਾਰਣ ਵਾਲੇ ਹਰੀ ਨੂੰ ਆਪਣੇ ਹਿਰਦੇ ਵਿੱਚ ਹੀ ਮੈਂ ਜਾਣ ਲਿਆ ਹੈ। ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥ ਨਾਨਕ ਬੇਨਤੀ ਕਰਦਾ ਹੈ, "ਹੈ ਮਾਲਕ! ਮੈਂ ਤੇਰੀ ਪਨਾਹ ਮੰਗਦਾ ਹਾਂ"। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਸੇਵਾ ਏਕ ਨ ਜਾਨਸਿ ਅਵਰੇ ॥ ਜੋ ਇਕ ਸੁਆਮੀ ਦੀ ਟਹਿਲ ਕਮਾਉਂਦਾ ਹੈ, ਉਹ ਹੋਰਸ ਨੂੰ ਨਹੀਂ ਜਾਣਦਾ। ਪਰਪੰਚ ਬਿਆਧਿ ਤਿਆਗੈ ਕਵਰੇ ॥ ਉਹ ਕੌੜੇ ਸੰਸਾਰੀ ਬਖੇੜੇ ਛੱਡ ਦਿੰਦਾ ਹੈ। ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥ ਪ੍ਰੀਤ ਤੇ ਸੱਚ ਦੁਆਰਾ ਉਹ ਸੱਚਿਆਰਾ ਦੇ ਪਰਮ ਸੱਚਿਆਰ ਨੂੰ ਮਿਲ ਪੈਦਾ ਹੈ। ਐਸਾ ਰਾਮ ਭਗਤੁ ਜਨੁ ਹੋਈ ॥ ਇਹੋ ਜਿਹਾ ਹੈ ਜਾ-ਨਿਸਾਰ ਗੋਲਾ ਸਰਬ-ਵਿਆਪਕ ਸੁਆਮੀ ਦਾ। ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥ ਉਹ ਆਪਣੀ ਮਲੀਨਤਾ ਧੋ ਸੁਟਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਕੇ ਉਸ ਨੂੰ ਮਿਲ ਪੈਦਾ ਹੈ। ਠਹਿਰਾਉ। ਊਂਧੋ ਕਵਲੁ ਸਗਲ ਸੰਸਾਰੈ ॥ ਮੂਧਾ ਹੈ ਦਿਲ-ਕਮਲ ਸਾਰੇ ਜਹਾਨ ਦਾ। ਦੁਰਮਤਿ ਅਗਨਿ ਜਗਤ ਪਰਜਾਰੈ ॥ ਮੰਦੀ ਅਕਲ ਦੀ ਅੱਗ ਸੰਸਾਰ ਨੂੰ ਸਾੜ ਰਹੀ ਹੈ। ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥ ਉਹ ਬਚ ਜਾਂਦਾ ਹੈ, ਜੋ ਗੁਰਾਂ ਦੇ ਸ਼ਬਦ ਦਾ ਧਿਆਨ ਧਾਰਦਾ ਹੈ। ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ ਭੋਰਾ, ਪਰਵਾਨ, ਹਾਥੀ, ਮੱਛੀ, ਮਿਰਗੁ ਮਰੈ ਸਹਿ ਅਪੁਨਾ ਕੀਨਾ ॥ ਅਤੇ ਹਰਨ ਆਪਣੇ ਕੀਤੇ ਦਾ ਫਲ ਪਾਉਂਦੇਂ ਹਨ ਅਤੇ ਮਰ ਜਾਂਦੇ ਹਨ। ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥ ਖ਼ਾਹਿਸ਼ ਅੰਦਰ ਗ਼ਲਤਾਨ ਉਹ ਅਸਲੀਅਤ ਨੂੰ ਨਹੀਂ ਵੇਖਦੇ। ਕਾਮੁ ਚਿਤੈ ਕਾਮਣਿ ਹਿਤਕਾਰੀ ॥ ਤ੍ਰੀਮਤ ਦਾ ਆਸ਼ਕ, ਭੋਗ-ਬਿਲਾਸ ਦਾ ਖਿਆਲ ਕਰਦਾ ਹੈ। ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥ ਗੁੱਸਾ ਸਾਰੇ ਗੁਨਹਿਗਾਰਾਂ ਨੂੰ ਤਬਾਹ ਕਰ ਦਿੰਦਾ ਹੈ। ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥ ਨਾਮ ਨੂੰ ਭੁਲਾ ਕੇ ਇਨਸਾਨ ਆਪਣੀ ਇੱਜ਼ਤ ਤੇ ਅਕਲ ਗੁਆ ਲੈਂਦਾ ਹੈ। copyright GurbaniShare.com all right reserved. Email:- |