Page 224
ਨਰ ਨਿਹਕੇਵਲ ਨਿਰਭਉ ਨਾਉ ॥
ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।

ਅਨਾਥਹ ਨਾਥ ਕਰੇ ਬਲਿ ਜਾਉ ॥
ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।

ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥
ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।

ਅੰਤਰਿ ਬਾਹਰਿ ਏਕੋ ਜਾਣੈ ॥
ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,

ਗੁਰ ਕੈ ਸਬਦੇ ਆਪੁ ਪਛਾਣੈ ॥
ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,

ਸਾਚੈ ਸਬਦਿ ਦਰਿ ਨੀਸਾਣੈ ॥੬॥
ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।

ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥
ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।

ਆਵੈ ਨ ਜਾਵੈ ਚੂਕੈ ਆਸਾ ॥
ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,

ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥
ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।

ਜੋ ਦੀਸੈ ਸੋ ਆਸ ਨਿਰਾਸਾ ॥
ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,

ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥
ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।

ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥
ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।

ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।

ਐਸੋ ਦਾਸੁ ਮਿਲੈ ਸੁਖੁ ਹੋਈ ॥
ਸੱਚੇ ਸਾਹਿਬ ਦੇ ਐਸੇ ਗੋਲੇ ਨੂੰ ਜਿਸ ਨੇ ਉਸ ਨੂੰ ਪਾ ਲਿਆ ਹੈ, ਮਿਲਣ ਦੁਆਰਾ,

ਦੁਖੁ ਵਿਸਰੈ ਪਾਵੈ ਸਚੁ ਸੋਈ ॥੧॥
ਆਰਾਮ ਹਾਸਲ ਹੁੰਦਾ ਹੈ, ਅਤੇ ਦਰਦ ਭੁੱਲ ਜਾਂਦਾ ਹੈ।

ਦਰਸਨੁ ਦੇਖਿ ਭਈ ਮਤਿ ਪੂਰੀ ॥
ਉਸ ਦਾ ਦੀਦਾਰ ਕਰਨ ਦੁਆਰਾ ਮੇਰੀ ਸਮਝ ਪੂਰਨ ਹੋ ਗਈ ਹੈ।

ਅਠਸਠਿ ਮਜਨੁ ਚਰਨਹ ਧੂਰੀ ॥੧॥ ਰਹਾਉ ॥
ਅਠਾਹਠ ਤੀਰਥਾਂ ਦਾ ਇਸ਼ਨਾਨ ਉਸ ਦੇ ਪੈਰਾਂ ਦੀ ਖ਼ਾਕ ਅੰਦਰ ਹੈ। ਠਹਿਰਾਉ।

ਨੇਤ੍ਰ ਸੰਤੋਖੇ ਏਕ ਲਿਵ ਤਾਰਾ ॥
ਇਕ ਵਾਹਿਗੁਰੂ ਦੀ ਲਗਾਤਾਰ ਪ੍ਰੀਤ ਨਾਲ ਮੇਰੀਆਂ ਅੱਖੀਆਂ ਸੰਤੁਸ਼ਟ ਹੋ ਗਈਆਂ ਹਨ।

ਜਿਹਵਾ ਸੂਚੀ ਹਰਿ ਰਸ ਸਾਰਾ ॥੨॥
ਸਾਈਂ ਦੇ ਸ੍ਰੇਸ਼ਟ ਅੰਮ੍ਰਿਤ ਨਾਲ ਮੇਰੀ ਜੀਭ ਸੱਚੀ ਸੁੱਚੀ ਹੋ ਗਈ ਹੈ।

ਸਚੁ ਕਰਣੀ ਅਭ ਅੰਤਰਿ ਸੇਵਾ ॥
ਸੱਚੇ ਹਨ ਮੇਰੇ ਅਮਲ ਅਤੇ ਮੇਰੇ ਰਿਦੇ ਅੰਦਰ ਹੈ ਪ੍ਰਭੂ ਦੀ ਚਾਕਰੀ।

ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥੩॥
ਖੋਜ-ਰਹਿਤ ਅਤੇ ਭੇਦ-ਰਹਿਤ ਮਾਲਕ ਨਾਲ ਮੇਰੀ ਆਤਮਾ ਧ੍ਰਾਪ ਗਈ ਹੈ।

ਜਹ ਜਹ ਦੇਖਉ ਤਹ ਤਹ ਸਾਚਾ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇਂ ਮੈਂ ਸੱਚੇ ਸਾਈਂ ਨੂੰ ਤਕਦਾ ਹਾਂ।

ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥
ਉਸ ਨੂੰ ਸਮਝਣ ਦੇ ਬਗੈਰ ਕੂੜੀ ਦੁਨੀਆਂ ਬਖੇੜਾ ਕਰਦੀ ਹੈ।

ਗੁਰੁ ਸਮਝਾਵੈ ਸੋਝੀ ਹੋਈ ॥
ਜਦ ਗੁਰੂ ਜੀ ਸਿਖ-ਮਤ ਦਿੰਦੇ ਹਨ ਤਾਂ ਸਮਝ ਪ੍ਰਾਪਤ ਹੋ ਜਾਂਦੀ ਹੈ।

ਗੁਰਮੁਖਿ ਵਿਰਲਾ ਬੂਝੈ ਕੋਈ ॥੫॥
ਗੁਰਾਂ ਦੇ ਰਾਹੀਂ ਕੋਈ ਇਕ ਅੱਧਾ ਹੀ ਪ੍ਰਭੂ ਨੂੰ ਸਿੰਞਾਣਦਾ ਹੈ।

ਕਰਿ ਕਿਰਪਾ ਰਾਖਹੁ ਰਖਵਾਲੇ ॥
ਮਿਹਰ ਧਾਰ ਹੈ ਬਚਾਉਣਹਾਰ ਅਤੇ ਮੇਰੀ ਰਖਿਆ ਕਰ।

ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
ਮਾਲਕ ਨੂੰ ਜਾਨਣ ਦੇ ਬਗੈਰ, ਪ੍ਰਾਣੀ ਡੰਗਰ ਅਤੇ ਭੂਤਨੇ ਬਣ ਗਏ ਹਨ।

ਗੁਰਿ ਕਹਿਆ ਅਵਰੁ ਨਹੀ ਦੂਜਾ ॥
ਗੁਰੂ ਜੀ ਨੇ ਫੁਰਮਾਇਆ ਹੈ, "ਸਾਹਿਬ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ"।

ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭॥
ਦਸੋ ਹੋਰ ਕਿਸ ਨੂੰ ਵੇਖਾਂ ਅਤੇ ਹੋਰ ਕੀਹਦੀ ਉਪਾਸ਼ਨਾ ਕਰਾਂ?

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥
ਸਾਧੂਆਂ ਦੀ ਖਾਤਰ, ਠਾਕੁਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ।

ਆਤਮੁ ਚੀਨੈ ਸੁ ਤਤੁ ਬੀਚਾਰੇ ॥੮॥
ਜੋ ਆਪਣੇ ਆਪ ਨੂੰ ਸਮਝਦਾ ਹੈ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ।

ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥
ਜਿਸ ਦੇ ਹਿਰਦੇ ਅੰਦਰ ਸੱਚ ਅਤੇ ਦਿਲੀ ਰੱਬੀ ਪਿਆਰ ਵਸਦਾ ਹੈ,

ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥੯॥੮॥
ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਉਸ ਦਾ ਸੇਵਕ ਹਾਂ।

ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।

ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥
ਬ੍ਰਹਿਮਾ ਨੇ ਹੰਕਾਰ ਕੀਤਾ ਅਤੇ ਉਸ ਨੇ ਪਾਰਬ੍ਰਹਿਮ ਨੂੰ ਨਾਂ ਸਮਝਿਆ।

ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥
ਵੇਦਾਂ ਦੇ ਗੁਆਚਣ ਦੀ ਮੁਸੀਬਤ ਪੈ ਜਾਣ ਤੇ ਉਸ ਨੇ ਪਸਚਾਤਾਪ ਕੀਤਾ।

ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
ਜੇ ਕੋਈ ਸਾਹਿਬ ਨੂੰ ਸਿਮਰਦਾ ਹੈ ਉਸ ਦੀ ਆਤਮਾ ਰਸ ਜਾਂਦੀ ਹੈ।

ਐਸਾ ਗਰਬੁ ਬੁਰਾ ਸੰਸਾਰੈ ॥
ਇਹੋ ਜਿਹਾ ਹਾਨੀਕਾਰਕ ਹੈ, ਹੰਕਾਰ ਇਸ ਜਗ ਅੰਦਰ।

ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
ਗੁਰੂ ਜੀ ਉਸ ਦੀ ਹੰਗਤਾ ਦੂਰ ਕਰ ਦਿੰਦੇ ਹਨ ਜਿਸ ਨੂੰ ਉਹ ਮਿਲ ਪੈਂਦੇ ਹਨ। ਠਹਿਰਾਉ।

ਬਲਿ ਰਾਜਾ ਮਾਇਆ ਅਹੰਕਾਰੀ ॥
ਬਲ, ਪਾਤਸ਼ਾਹ ਨੂੰ ਧਨ ਦੌਲਤ ਦਾ ਗੁਮਾਨ ਸੀ।

ਜਗਨ ਕਰੈ ਬਹੁ ਭਾਰ ਅਫਾਰੀ ॥
ਹੰਕਾਰ ਨਾਲ ਆਫ਼ਰ ਅਤੇ ਘਣਾ-ਭਾਰੂ ਹੋ ਉਸ ਨੇ ਯਗ ਕੀਤੇ।

ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
ਗੁਰੂ ਦੀ ਸਲਾਹ ਮਸ਼ਵਰੇ ਤੋਂ ਸੱਖਣਾ ਹੋਣ ਕਾਰਨ ਉਸ ਨੂੰ ਪਾਤਾਲ ਵਿੱਚ ਜਾਣਾ ਪਿਆ।

ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
ਹਰੀ ਚੰਦ ਨੇ ਖ਼ੈਰਾਤ ਕੀਤੀ ਅਤੇ ਨੇਕ ਨਾਮੀ ਖੱਟੀ।

ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
ਗੁਰੂ ਦੇ ਬਾਝੋਂ ਉਸ ਨੂੰ ਭੇਦ-ਰਹਿਤ ਪ੍ਰਭੂ ਦੇ ਓੜਕ ਦਾ ਪਤਾ ਨਾਂ ਲੱਗਾ।

ਆਪਿ ਭੁਲਾਇ ਆਪੇ ਮਤਿ ਦੇਵੈ ॥੩॥
ਪ੍ਰਭੂ ਖੁਦ ਗੁਮਰਾਹ ਕਰਦਾ ਹੈ ਅਤੇ ਖੁਦ ਹੀ ਸਮਝ ਪ੍ਰਦਾਨ ਕਰਦਾ ਹੈ।

ਦੁਰਮਤਿ ਹਰਣਾਖਸੁ ਦੁਰਾਚਾਰੀ ॥
ਮੰਦੀ ਅਕਲ ਵਾਲਾ ਹਰਨਾਖਸ਼ ਦੁਸ਼ਟ ਅਮਲ ਕਮਾਉਂਦਾ ਸੀ।

ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
ਵਿਆਪਕ ਮਾਲਕ ਪਰਮਾਤਮਾ ਹੰਕਾਰ ਨੂੰ ਨਾਸ ਕਰਣਹਾਰ ਹੈ।

ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
ਸਾਈਂ ਨੇ ਆਪਣੀ ਮਿਹਰ ਕੀਤੀ ਅਤੇ ਪ੍ਰਹਲਾਦ ਨੂੰ ਬਚਾ ਲਿਆ।

ਭੂਲੋ ਰਾਵਣੁ ਮੁਗਧੁ ਅਚੇਤਿ ॥
ਬੇਵਕੂਫ ਤੇ ਬੇਸਮਝ ਰਾਵਨ ਨੇ ਪ੍ਰਭੂ ਨੂੰ ਵਿਸਾਰ ਦਿਤਾ।

ਲੂਟੀ ਲੰਕਾ ਸੀਸ ਸਮੇਤਿ ॥
ਲੰਕਾ ਉਸ ਦੇ ਸਿਰ ਦੇ ਸਣੇ ਲੁਟੀ ਪੁਟੀ ਗਈ।

ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
ਉਹ ਹੰਕਾਰੀ ਅਤੇ ਗੁਰੂ ਦੀ ਪ੍ਰੀਤ ਤੋਂ ਵਾਂਝਾ ਸੀ।

ਸਹਸਬਾਹੁ ਮਧੁ ਕੀਟ ਮਹਿਖਾਸਾ ॥
ਪ੍ਰਭੂ ਨੇ ਹਜ਼ਾਰਾਂ ਬਾਂਹਾ ਵਾਲਾ ਅਰਜਨ ਅਤੇ ਮਧ ਕੰਟਬ ਤੇ ਮੈਹੇ ਵਰਗਾ ਮਹਿਖਸਵਾਂ, ਦੈਂਤ ਮਾਰ ਸੁਟੇ।

ਹਰਣਾਖਸੁ ਲੇ ਨਖਹੁ ਬਿਧਾਸਾ ॥
ਉਸ ਨੂੰ ਪਕੜ ਕੇ, ਵਾਹਿਗੁਰੂ ਨੇ ਹਰਨਾਖਸ਼ ਨੂੰ ਨੌਹਾਂ ਨਾਲ ਪਾੜ ਸੁਟਿਆ।

ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
ਸਾਹਿਬ ਦੇ ਸਿਮਰਨ ਦੀ ਸਾਧਨਾ ਦੇ ਬਗੈਰ ਰਾਖਸ਼ ਮਾਰ ਦਿਤੇ ਗਏ।

ਜਰਾਸੰਧਿ ਕਾਲਜਮੁਨ ਸੰਘਾਰੇ ॥
ਦੈਂਤ ਜਰਾਸੰਧ ਤੇ ਕਾਲ ਜਮਨ ਨਾਸ ਕਰ ਦਿਤੇ ਗਏ।

ਰਕਤਬੀਜੁ ਕਾਲੁਨੇਮੁ ਬਿਦਾਰੇ ॥
ਰਕਤਬੀਜ ਤੇ ਕਾਲਨੇਮ ਰਾਖਸ਼ ਮੁਕਾ ਦਿਤੇ ਗਏ।

ਦੈਤ ਸੰਘਾਰਿ ਸੰਤ ਨਿਸਤਾਰੇ ॥੭॥
ਰਾਖਸ਼ਾਂ ਨੂੰ ਮਾਰ ਕੇ, ਪ੍ਰਭੂ ਨੇ ਸਾਧੂਆਂ ਦੀ ਰੱਖਿਆ ਕੀਤੀ।

ਆਪੇ ਸਤਿਗੁਰੁ ਸਬਦੁ ਬੀਚਾਰੇ ॥
ਖੁਦ ਹੀ ਸੁਆਮੀ, ਬਤੌਰ ਸੱਚੇ ਗੁਰਦੇਵ ਜੀ ਦੇ, ਆਪਣੇ ਨਾਮ ਦਾ ਸਿਮਰਨ ਕਰਦਾ ਹੈ।

copyright GurbaniShare.com all right reserved. Email:-