Page 221
ਗੁਰ ਕੀ ਮਤਿ ਜੀਇ ਆਈ ਕਾਰਿ ॥੧॥
ਗੁਰਾਂ ਦਾ ਉਪਦੇਸ਼ ਮੇਰੀ ਆਤਮਾ ਨੂੰ ਲਾਭਦਾਇਕ ਹੈ।

ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
ਇਸ ਤਰੀਕੇ ਨਾਲ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਆਤਮਾ ਪਤੀਜ ਗਈ ਹੈ।

ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
ਬ੍ਰਹਿਮ ਗਿਆਤ ਦੇ ਸੁਰਮੇ ਨੂੰ ਮੈਂ, ਗੁਰਾਂ ਦੀ ਸਿਖ ਮਤ ਰਾਹੀਂ ਸਿੰਞਾਣ ਲਿਆ ਹੈ। ਠਹਿਰਾਉ।

ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
ਮੈਂ ਹੁਣ ਇਕ ਬੈਕੁੰਠੀ ਪਰਮ ਅਨੰਦ ਨੂੰ ਭੋਗਦਾ ਹਾਂ ਅਤੇ ਸੁਆਮੀ ਨਾਲ ਅਭੇਦ ਹੋ ਗਿਆ ਹਾਂ।

ਨਿਰਮਲ ਬਾਣੀ ਭਰਮੁ ਚੁਕਾਇਆ ॥
ਪਵਿੱਤ੍ਰ ਗੁਰਬਾਣੀ ਦੀ ਰਾਹੀਂ ਮੇਰਾ ਵਹਿਮ ਨਵਿਰਤ ਹੋ ਗਿਆ ਹੈ।

ਲਾਲ ਭਏ ਸੂਹਾ ਰੰਗੁ ਮਾਇਆ ॥
ਮੋਹਨੀ ਦੀ ਰਤੀ ਭਾਹ ਦੀ ਥਾਂ ਤੇ ਮੈਂ ਰੱਬ ਦੇ ਨਾਮ ਦੀ ਗੁਲਾਨਾਰੀ ਰੰਗਤ ਧਾਰਨ ਕਰ ਲਈ ਹੈ।

ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
ਜਦ ਮਾਲਕ ਆਪਣੀ ਮਿਹਰ ਦੀ ਨਿੱਗ੍ਹਾ ਧਾਰਦਾ ਹੈ, ਬਦੀ ਦੀ ਜ਼ਹਿਰ ਤਬਾਹ ਹੋ ਜਾਂਦੀ ਹੈ।

ਉਲਟ ਭਈ ਜੀਵਤ ਮਰਿ ਜਾਗਿਆ ॥
ਜਦ ਮੈਂ ਦੁਨੀਆਂ ਵਲੋਂ ਮੋੜਾ ਪਾ ਲਿਆ ਤੇ ਜੀਉਂਦੇਂ ਜੀ ਮਰ ਗਿਆ, ਤਾਂ ਮੈਂ (ਰੂਹਾਨੀ ਤੌਰ ਤੇ) ਜਾਗ ਉਠਿਆ।

ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
ਨਾਮ ਦਾ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਸਾਹਿਬ ਨਾਲ ਜੁੜ ਗਈ।

ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
ਮਾਇਆ ਦੀ ਜ਼ਹਿਰ ਨੂੰ ਛੱਡ ਅਤੇ ਪਰੇ ਸੁਟ ਕੇ, ਮੈਂ ਸੁਆਮੀ ਦੇ ਅੰਮ੍ਰਿਤ ਨੂੰ ਇਕੱਤ੍ਰ ਕੀਤਾ ਹੈ।

ਭਾਇ ਬਸੇ ਜਮ ਕਾ ਭਉ ਭਾਗਿਆ ॥੩॥
ਪ੍ਰਭੂ ਦੀ ਪ੍ਰੀਤ ਅੰਦਰ ਵਸਣ ਦੁਆਰਾ, ਮੇਰਾ ਮੌਤ ਦਾ ਡਰ ਭਜ ਗਿਆ ਹੈ।

ਸਾਦ ਰਹੇ ਬਾਦੰ ਅਹੰਕਾਰਾ ॥
ਮੇਰੀ ਸੰਸਾਰੀ ਸੁਆਦ, ਬਖੜੇ ਅਤੇ ਹਊਮੇ ਮੁਕ ਗਏ ਹਨ,

ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
ਅਨੰਤ ਸੁਆਮੀ ਦੇ ਹੁਕਮ ਦੁਆਰਾ ਮੇਰਾ ਮਨ ਵਾਹਿਗੁਰੂ ਦੇ ਨਾਲ ਰੰਗਿਆ ਗਿਆ ਹੈ।

ਜਾਤਿ ਰਹੇ ਪਤਿ ਕੇ ਆਚਾਰਾ ॥
ਮੇਰੇ ਲੋਕ-ਲੱਜਾ ਦੇ ਕੰਮ ਜਾਂਦੇ ਰਹੇ ਹਨ।

ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
ਜਦ ਮਾਲਕ ਨੇ ਮੇਰੇ ਉਤੇ ਮਿਹਰ ਦੀ ਨਜ਼ਰ ਕੀਤੀ ਮੈਂ ਬੈਕੁੰਠੀ ਠੰਢ-ਚੈਨ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।

ਤੁਝ ਬਿਨੁ ਕੋਇ ਨ ਦੇਖਉ ਮੀਤੁ ॥
ਤੇਰੇ ਬਗੈਰ, ਮੈਂ ਆਪਣਾ ਦੋਸਤ ਕਿਸੇ ਨੂੰ ਨਹੀਂ ਵੇਖਦਾ।

ਕਿਸੁ ਸੇਵਉ ਕਿਸੁ ਦੇਵਉ ਚੀਤੁ ॥
ਹੋਰ ਕੀਹਦੀ ਮੈਂ ਟਹਿਲ ਕਮਾਵਾਂ ਅਤੇ ਕਿਸ ਨੂੰ ਆਪਣੀ ਆਤਮਾ ਸਮਰਪਨ ਕਰਾਂ?

ਕਿਸੁ ਪੂਛਉ ਕਿਸੁ ਲਾਗਉ ਪਾਇ ॥
ਮੈਂ ਕੀਹਨੂੰ ਪੁੱਛਾਂ ਅਤੇ ਕਿਸ ਦੇ ਪੈਰੀ ਪਵਾਂ?

ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
ਕੀਹਦੀ ਸਿਖ-ਮਤ ਦੁਆਰਾ ਮੈਂ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿ ਸਕਦਾ ਹਾਂ?

ਗੁਰ ਸੇਵੀ ਗੁਰ ਲਾਗਉ ਪਾਇ ॥
ਗੁਰਾਂ ਦੀ ਮੈਂ ਚਾਕਰੀ ਕਮਾਉਂਦਾ ਹਾਂ ਅਤੇ ਗੁਰਾਂ ਦੇ ਹੀ ਪੈਰੀਂ ਪੈਂਦਾ ਹਾਂ।

ਭਗਤਿ ਕਰੀ ਰਾਚਉ ਹਰਿ ਨਾਇ ॥
ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਵਿੱਚ ਸਮਾਇਆ ਹੋਇਆ ਹਾਂ।

ਸਿਖਿਆ ਦੀਖਿਆ ਭੋਜਨ ਭਾਉ ॥
ਪ੍ਰਭੂ ਦੀ ਪ੍ਰੀਤ ਮੇਰੇ ਲਈ ਉਪਦੇਸ਼, ਰੱਬੀ ਗੋਸ਼ਟ ਤੇ ਖਾਣਾ ਹੈ।

ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
ਸਾਈਂ ਦੇ ਹੁਕਮ ਨਾਲ ਜੁੜ ਕੇ ਮੈਂ ਆਪਣੇ ਨਿੱਜ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ ਹਾਂ।

ਗਰਬ ਗਤੰ ਸੁਖ ਆਤਮ ਧਿਆਨਾ ॥
ਹੰਕਾਰ ਦੀ ਨਵਿਰਤੀ ਨਾਲ ਜਿੰਦਗੀ ਨੂੰ ਆਰਾਮ ਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ।

ਜੋਤਿ ਭਈ ਜੋਤੀ ਮਾਹਿ ਸਮਾਨਾ ॥
ਰੱਬੀ ਨੂਰ ਉਂਦੇ ਹੋ ਗਿਆ ਹੈ ਅਤੇ ਮੇਰੀ ਜਿੰਦੜੀ ਪਰਮ ਨੂਰ ਅੰਦਰ ਲੀਨ ਹੋ ਗਈ ਹੈ।

ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
ਅਨੰਤ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ ਅਤੇ ਮੈਂ ਪ੍ਰਭੂ ਦੇ ਨਾਮ ਦਾ ਝੰਡਾ ਪ੍ਰਾਪਤ ਕਰ ਲਿਆ ਹੈ।

ਕਰਤਾ ਕਰਣਾ ਕਰਤਾ ਜਾਨਾ ॥੭॥
ਮੈਂ ਸਿਰਜਣਹਾਰ ਵਾਹਿਗੁਰੂ ਨੂੰ ਹੀ ਰਚਣਵਾਲਾ ਤੇ ਰਚਨਾ ਜਾਣਿਆ ਹੈ।

ਨਹ ਪੰਡਿਤੁ ਨਹ ਚਤੁਰੁ ਸਿਆਨਾ ॥
ਆਪਣੇ ਆਪ ਇਨਸਾਨ ਨਾਂ ਵਿਦਵਾਨ, ਹੁਸ਼ਿਆਰ ਜਾਂ ਅਕਲਮੰਦ ਹੈ,

ਨਹ ਭੂਲੋ ਨਹ ਭਰਮਿ ਭੁਲਾਨਾ ॥
ਨਾਂ ਹੀ ਰਾਹੋਂ ਔਟਲਿਆਂ ਹੋਇਆਂ, ਨਾਂ ਹੀ ਸ਼ੱਕ-ਸ਼ੁਭੇ ਦਾ ਗੁਮਰਾਹ ਕੀਤਾ ਹੋਇਆ ਹੈ।

ਕਥਉ ਨ ਕਥਨੀ ਹੁਕਮੁ ਪਛਾਨਾ ॥
ਮੈਂ ਵਿਹਲੀਆਂ ਗੱਲਾਂ ਨਹੀਂ ਕਰਦਾ, ਪ੍ਰੰਤੂ ਹਰੀ ਦੀ ਰਜ਼ਾ ਨੂੰ ਸਿਆਣਦਾ ਹਾਂ।

ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥
ਗੁਰਾਂ ਦੇ ਉਪਦੇਸ਼ ਦੁਆਰਾ, ਨਾਨਕ ਪ੍ਰਭੂ ਅੰਦਰ ਲੀਨ ਹੋ ਗਿਆ ਹੈ।

ਗਉੜੀ ਗੁਆਰੇਰੀ ਮਹਲਾ ੧ ॥
ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।

ਮਨੁ ਕੁੰਚਰੁ ਕਾਇਆ ਉਦਿਆਨੈ ॥
ਦੇਹਿ ਦੇ ਜੰਗਲ ਅੰਦਰ ਮਨੂਆਂ ਇਕ ਹਾਥੀ ਹੈ।

ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
ਗੁਰੂ ਜੀ ਕੁੰਡਾ ਹਨ ਜੋ ਹਾਥੀ ਉਤੇ ਸਤਿਨਾਮ ਦਾ ਨਿਸ਼ਾਨ ਪਾਂਦੇ ਹਨ,

ਰਾਜ ਦੁਆਰੈ ਸੋਭ ਸੁ ਮਾਨੈ ॥੧॥
ਜਿਸ ਨਾਲ ਇਹ ਪਾਤਸ਼ਾਹ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦਾ ਹੈ।

ਚਤੁਰਾਈ ਨਹ ਚੀਨਿਆ ਜਾਇ ॥
ਹੁਸ਼ਿਆਰੀ ਰਾਹੀਂ (ਮਾਲਕ) ਜਾਣਿਆ ਨਹੀਂ ਜਾ ਸਕਦਾ।

ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
(ਮਨੂਏ ਨੂੰ) ਜਿੱਤਣ ਦੇ ਬਗੈਰ ਸਾਹਿਬ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਠਹਿਰਾਉ।

ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
ਗ੍ਰਹਿ ਅੰਦਰ ਆਬਿ-ਹਿਯਾਤ ਹੈ, ਜਿਸ ਨੂੰ ਚੋਰ ਲਈ ਜਾ ਰਹੇ ਹਨ।

ਨੰਨਾਕਾਰੁ ਨ ਕੋਇ ਕਰੇਈ ॥
ਕੋਈ ਭੀ ਉਨ੍ਹਾਂ ਨੂੰ ਨਾਹ ਨਹੀਂ ਆਖਦਾ।

ਰਾਖੈ ਆਪਿ ਵਡਿਆਈ ਦੇਈ ॥੨॥
ਜੇਕਰ ਬੰਦਾ ਆਬਿ-ਹਿਯਾਤ ਦੀ ਰਖਵਾਲੀ ਕਰੇ, ਵਾਹਿਗੁਰੂ ਖੁਦ ਉਸ ਨੂੰ ਬਜ਼ੁਰਗੀ ਬਖ਼ਸ਼ਦਾ ਹੈ।

ਨੀਲ ਅਨੀਲ ਅਗਨਿ ਇਕ ਠਾਈ ॥
ਹਜ਼ਾਰਾਂ ਅਰਬਾਂ ਤੇ ਅਨਗਿਣਤ ਹਜ਼ਾਰਾਂ ਅਰਬਾਂ ਖ਼ਾਹਿਸ਼ ਦੀਆਂ ਅੱਗਾਂ, ਚਿੱਤ ਦੇ ਇਕ ਟਿਕਾਣੇ ਅੰਦਰ ਹਨ,

ਜਲਿ ਨਿਵਰੀ ਗੁਰਿ ਬੂਝ ਬੁਝਾਈ ॥
ਗੁਰਾਂ ਦੇ ਦਰਸਾਏ ਹੋਏ ਬ੍ਰਹਿਮ ਬੋਧ ਦੇ ਪਾਣੀ ਨਾਲ ਉਹ ਬੁਝ ਜਾਂਦੀਆਂ ਹਨ।

ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥
ਆਪਣੀ ਆਤਮਾ ਭੇਟਾਂ ਕਰਨ ਦੁਆਰਾ ਮੈਂ ਬ੍ਰਹਿਮ ਗਿਆਨ ਪ੍ਰਾਪਤ ਕੀਤਾ ਹੈ ਤੇ ਹੁਣ ਮੈਂ ਖੁਸ਼ੀ ਨਾਲ ਸਾਈਂ ਦਾ ਜੱਸ ਗਾਉਂਦਾ ਹਾਂ।

ਜੈਸਾ ਘਰਿ ਬਾਹਰਿ ਸੋ ਤੈਸਾ ॥
ਜਿਸ ਤਰ੍ਹਾਂ ਦਾ ਪ੍ਰਭੂ ਗ੍ਰਹਿ ਦੇ ਵਿੱਚ ਹੈ, ਉਹੋ ਜਿਹਾ ਹੀ ਉਹ ਬਾਹਰ ਹੈ।

ਬੈਸਿ ਗੁਫਾ ਮਹਿ ਆਖਉ ਕੈਸਾ ॥
ਕੰਦਰਾ ਵਿੱਚ ਬੈਠ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ?

ਸਾਗਰਿ ਡੂਗਰਿ ਨਿਰਭਉ ਐਸਾ ॥੪॥
ਉਸੇ ਤਰ੍ਹਾਂ ਦਾ ਹੀ ਹੈ ਨਿਡੱਰ ਸੁਆਮੀ, ਸਮੁੰਦਰਾਂ ਅਤੇ ਪਹਾੜਾਂ ਅੰਦਰ।

ਮੂਏ ਕਉ ਕਹੁ ਮਾਰੇ ਕਉਨੁ ॥
ਦੱਸੋ, ਉਸ ਨੂੰ ਕੌਣ ਮਾਰ ਸਕਦਾ ਹੈ, ਜਿਹੜਾ ਅਗੇ ਹੀ ਮਰਿਆ ਹੋਇਆ ਹੈ?

ਨਿਡਰੇ ਕਉ ਕੈਸਾ ਡਰੁ ਕਵਨੁ ॥
ਕਿਹੜਾ ਭੈ ਅਤੇ ਕੌਣ ਇਨਸਾਨ, ਭੈ-ਰਹਿਤ ਨੂੰ ਡਰਾ ਸਕਦਾ ਹੈ?

ਸਬਦਿ ਪਛਾਨੈ ਤੀਨੇ ਭਉਨ ॥੫॥
ਉਹ ਤਿੰਨਾ ਹੀ ਜਹਾਨਾਂ ਅੰਦਰ ਸਾਹਿਬ ਨੂੰ ਸਿੰਞਾਣਦਾ ਹੈ।

ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
ਜੋ ਕੇਵਲ ਆਖਦਾ ਹੀ ਹੈ, ਉਹ ਨਿਰਾਪੁਰਾ ਇਕ ਅਖਾਣ ਹੀ ਬਿਆਨ ਕਰਦਾ ਹੈ।

ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
ਜੋ ਦਰਅਸਲ ਸਮਝਦਾ ਹੈ, ਉਹ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ।

ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
ਅਸਲੀਅਤ ਨੂੰ ਵੇਖਣ ਅਤੇ ਸੋਚਣ ਸਮਝਣ ਦੁਆਰਾ ਮੇਰੀ ਆਤਮਾ ਰੱਬ ਨਾਲ ਹਿਲ ਗਈ ਹੈ।

ਕੀਰਤਿ ਸੂਰਤਿ ਮੁਕਤਿ ਇਕ ਨਾਈ ॥
ਨੇਕ ਨਾਮੀ, ਸੁੰਦਰਤਾ ਤੇ ਮੁਕਤੀ ਇਕ ਨਾਮ ਵਿੱਚ ਹਨ।

ਤਹੀ ਨਿਰੰਜਨੁ ਰਹਿਆ ਸਮਾਈ ॥
ਉਸ ਨਾਮ ਅੰਦਰ ਹੀ ਪਵਿੱਤਰ ਪੁਰਖ ਲੀਨ ਰਹਿੰਦਾ ਹੈ।

ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
ਸਾਹਿਬ ਆਪਣੇ ਨਿੱਜ ਦੇ ਧਾਮ ਅਤੇ ਆਪਣੇ ਨਿੱਜ ਦੇ ਅਸਥਾਨ, ਨਾਮ ਅੰਦਰ ਨਿਵਾਸ ਰਖਦਾ ਹੈ।

ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
ਪਰਸੰਸਾ ਕਰਦੇ ਹਨ, ਉਸ ਦੀ ਕਈ ਮੁਨੀਸ਼ਰ ਪਿਆਰ ਅੰਦਰ।

copyright GurbaniShare.com all right reserved. Email:-