ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥
ਕੋਈ ਜੋ ਬੇਵਕੂਫ ਤੇ ਲਾਲਚੀ ਹੈ, ਉਹ ਆਖੇ ਹੋਏ ਨੂੰ ਕਦਾਚਿੱਤ ਸ੍ਰਵਣ ਹੀ ਨਹੀਂ ਕਰਦਾ। ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ ਇਕ, ਦੋ ਜਾਂ ਚਾਰ ਦਾ ਕੀ ਗਿਣਨ ਹੋਇਆ ਸਾਰੇ ਜਹਾਨ ਨੂੰ ਐਨ ਉਨ੍ਹ੍ਰਾਂ ਹੀ ਸੰਸਾਰੀ ਸੁਆਦਾ ਨੇ ਠਗਿਆ ਹੋਇਆ ਹੈ। ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥ ਕੋਈ ਵਿਰਲਾ ਹੀ ਰਬ ਦੇ ਨਾਮ ਦਾ ਆਸ਼ਕ ਹੈ, ਅਤੇ ਕੋਈ ਟਾਂਵੀ ਜਗ੍ਹਾ ਹੀ ਪ੍ਰਫੁਲਤ ਰਹਿ ਗਈ ਹੈ। ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥ ਪ੍ਰਭੂ ਦੇ ਜਾਂ-ਨਿਸਾਰ ਗੋਲੇ ਸੱਚੇ ਦਰਬਾਰ ਵਿੱਚ ਸੁੰਦਰ ਲਗਦੇ ਹਨ। ਦਿਨ ਰੈਣ ਉਹ ਮੌਜ ਮਾਣਦੇ ਹਨ। ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥ ਉਹ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ। ਗੋਲਾ ਨਾਨਕ, ਉਨ੍ਹਾਂ ਉਤੋਂ ਘੋਲੀ ਜਾਂਦਾ ਹੈ। ਗਉੜੀ ਮਹਲਾ ੫ ਮਾਂਝ ॥ ਗਊੜੀ ਪਾਤਸ਼ਾਹੀ ਪੰਜਵੀਂ ਮਾਝ। ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਕਲੇਸ਼-ਹਰਤਾ ਹੈ ਤੇਰਾ ਨਾਮ, ਹੈ ਪ੍ਰਭੂ! ਕਲੇਸ਼-ਹਰਤਾ ਹੈ ਤੇਰਾ ਨਾਮ। ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਦਿਨ ਦੇ ਅਠੇ ਪਹਿਰ ਹੀ ਮੁਕੰਮਲ ਸੱਚੇ ਗੁਰਾਂ ਦੀ ਦਿਤੀ ਹੋਈ ਬ੍ਰਹਿਮ ਗਿਆਤ ਦਾ ਧਿਆਨ ਧਾਰ। ਠਹਿਰਾਉ। ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਦਿਲ, ਜਿਸ ਅੰਦਰ ਸ਼੍ਰੋਮਣੀ ਸਾਹਿਬ ਨਿਵਾਸ ਰਖਦਾ ਹੈ, ਉਹ ਸੋਹਣੀ ਜਗ੍ਹਾ ਹੈ। ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ ਜੋ ਆਪਣੀ ਜੀਭਾਂ ਨਾਲ ਵਾਹਿਗੁਰੂ ਦੀ ਮਹਿਮਾ ਆਲਾਪਦਾ ਹੈ। ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਮੈਂ ਸਾਹਿਬ ਦੀ ਚਾਕਰੀ ਵਿੱਚ ਸੁਚੇਤ ਰਹਿਣ ਦੀ ਕਦਰ ਨੂੰ ਨਹੀਂ ਸਮਝਿਆ ਅਤੇ ਨਾਂ ਹੀ ਮੈਂ ਉਸ ਦੇ ਸਿਮਰਨ ਦੀ ਉਚੱਤਾ ਨੂੰ ਮਹਿਸੂਸ ਕੀਤਾ ਹੈ। ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ ਹੈ ਸ੍ਰਿਸ਼ਟੀ ਦੀ ਜਿੰਦ-ਜਾਨ! ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰੇ ਮੇਰੇ ਸਾਹਿਬ, ਤੂੰ ਹੀ ਮੇਰਾ ਆਸਰਾ ਹੈਂ। ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ ਜਦ ਸ੍ਰਿਸ਼ਟੀ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਅਫਸੋਸ ਤੇ ਕਲੇਸ਼ ਦੌੜ ਜਾਂਦੇ ਹਨ। ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ ਸੱਚੇ ਗੁਰੂ ਜੀ ਖੁਦ ਉਸ ਦੀ ਰੱਖਿਆ ਕਰਦੇ ਹਨ, ਬੱਚੇ ਨੂੰ ਗਰਮ ਹਵਾ ਤਕ ਭੀ ਨਹੀਂ ਛੂੰਹਦੀ। ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ ਗੁਰੂ ਜੀ ਸਰਬ-ਵਿਆਪਕ ਸੁਆਮੀ ਹਨ, ਗੁਰੂ ਜੀ ਹੀ ਮਿਹਰਬਾਨ ਮਾਲਕ, ਅਤੇ ਗੁਰੂ ਜੀ ਹੀ ਸੱਚੇ ਕਰਤਾਰ। ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥ ਗੁਰਾਂ ਦੇ ਪਰਮ-ਪ੍ਰਸੰਨ ਹੋਣ ਤੇ ਮੈਂ ਸਾਰਾ ਕੁਝ ਪ੍ਰਾਪਤ ਕਰ ਲਿਆ ਹੈ। ਨੋਕਰ ਨਾਨਕ, ਗੁਰਾਂ ਉਤੋਂ ਸਦੀਵ ਹੀ ਸਦਕੇ ਜਾਂਦਾ ਹੈ। ਗਉੜੀ ਮਾਝ ਮਹਲਾ ੫ ॥ ਗਊੜੀ ਮਾਝ ਪਾਤਸ਼ਾਹੀ ਪੰਜਵੀਂ। ਹਰਿ ਰਾਮ ਰਾਮ ਰਾਮ ਰਾਮਾ ॥ ਵਾਹਿਗੁਰੂ ਸੁਆਮੀ, ਸਾਰੇ ਵਿਆਪਕ ਹੈ, ਵਾਹਿਗੁਰੂ ਸੁਆਮੀ। ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥ ਉਸ ਦੀ ਆਰਾਧਨ ਕਰਨ ਦੁਆਰਾ ਕਾਰਜ ਸੋਰ ਜਾਂਦੇ ਹਨ। ਠਹਿਰਾਉ। ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੂੰਹ ਪਾਵਨ ਹੋ ਜਾਂਦਾ ਹੈ। ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥ ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ। ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥ ਜਿਸ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਦਾਤਾ ਅਤੇ ਸਾਰੀਆਂ ਨੇਕੀਆਂ ਹਨ, ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥ ਅਸੀਂ ਜਗ ਦੇ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਈਏ, ਜਿਸ ਦੇ ਆਰਾਧਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ। ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥ ਉਹ ਹਰੀ ਨੂੰ ਯਾਦ ਕਰ, ਜਿਸ ਦੇ ਪੱਲੇ ਨਾਲ ਲਗਣ ਦੁਆਰਾ ਆਦਮੀ ਜੀਉਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥ ਸਤਿ ਸੰਗਤ ਨਾਲ ਜੁੜਨ ਦੁਆਰਾ, ਪ੍ਰਾਣੀ ਬਚ ਜਾਂਦਾ ਹੈ, ਅਤੇ ਸਾਹਿਬ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ। ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥ ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ। ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਨਾਨਕ ਤਰ ਗਿਆ ਹੈ ਅਤੇ ਸੱਚੇ ਦਰਬਾਰ ਅੰਦਰ ਉਸ ਨੂੰ ਵਾਹ ਵਾਹ! ਮਿਲਦੀ ਹੈ। ਗਉੜੀ ਮਾਝ ਮਹਲਾ ੫ ॥ ਗਊੜੀ ਮਾਝ ਪਾਤਸ਼ਾਹੀ ਪੰਜਵੀ। ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੀ ਮਿਠੜੀ ਉਸਤਤੀ ਗਾਇਨ ਕਰ। ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥ ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਬੇਟਿਕਾਣੇ ਨੂੰ ਟਿਕਾਣਾ ਮਿਲ ਜਾਂਦਾ ਹੈ। ਠਹਿਰਾਉ। ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ ਹੋਰ ਸਾਰੇ ਸੁਆਦ ਫਿਕਲੇ ਹਨ, ਉਨ੍ਹਾਂ ਨਾਲ ਦੇਹਿ ਤੇ ਆਤਮਾ ਬੇ-ਸੁਆਦ ਹੋ ਜਾਂਦੇ ਹਨ। ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥ ਸੁਆਮੀ ਦੇ ਬਗੈਰ ਜਿਹੜਾ ਹੋਰ ਕੁਛ ਕਰਦਾ ਹੈ, ਲਾਹਨਤ ਹੈ ਉਸ ਦੀ ਜਿੰਦਗੀ ਅਤੇ ਸ਼ੁਹਰਤ ਨੂੰ। ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ ਸੰਤ ਦਾ ਪੱਲਾ ਪਕੜ ਕੇ, ਇਸ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਸਾਰੀ ਆਲ-ਔਲਾਦ ਦਾ ਪਾਰ ਉਤਾਰਾ ਹੋ ਜਾਵੇਗਾ। ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥ ਉਹ ਹੀ ਮੇਰਾ ਯਾਰ, ਸਾਕ-ਸੈਨ ਅਤੇ ਚੰਗਾ ਦੋਸਤ ਹੈ, ਜਿਹੜਾ ਮੇਰੇ ਅੰਤਹਕਰਣ ਅੰਦਰ ਰੱਬ ਦੇ ਨਾਮ ਨੂੰ ਅਸਥਾਪਨ ਕਰਦਾ ਹੈ। ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥ ਉਹ ਮੇਰੇ ਸਾਰੇ ਵਿਕਾਰਾਂ ਨੂੰ ਧੋ ਸੁਟਦਾ ਹੈ ਅਤੇ ਮੇਰਾ ਨਿਸ਼ਕਾਮ ਭਲਾ ਕਰਦਾ ਹੈ। ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥ ਦੌਲਤ, ਕੋਸ਼, ਅਤੇ ਗ੍ਰਹਿ ਨਿਰੇ ਪੁਰੇ ਖੰਡਰਾਤ ਹਨ। ਕੇਵਲ ਵਾਹਿਗੁਰੂ ਦੇ ਚਰਨ ਹੀ ਖ਼ਜ਼ਾਨਾ ਹਨ। ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥ ਮੰਗਤ ਨਾਨਕ ਤੇਰੇ ਬੂਹੇ ਤੇ ਖੜਾ ਹੈ, ਹੈ ਸਾਹਿਬ! ਅਤੇ ਤੈਨੂੰ ਹੀ ਆਪਣੀ ਖ਼ੈਰ ਵਜੋ ਮੰਗਦਾ ਹੈ। copyright GurbaniShare.com all right reserved. Email:- |