ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥
ਜੇਕਰ ਤੂੰ ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਨੂੰ ਯਾਦ ਕਰੇ ਤਦ ਤੂੰ ਆਪਣੇ ਭਰਤੇ ਦੀ ਲਾਡਲੀ ਹੋ ਜਾਏਗੀ ਤੇ ਤੇਰੀ ਪ੍ਰੀਤ ਨਾਮ ਨਾਲ ਪੈ ਜਾਵੇਗੀ। ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥ ਨਾਨਕ ਜਿਸ ਪਤਨੀ ਦੀ ਗਰਦਨ ਦੁਆਲੇ ਸੁਆਮੀ ਦੇ ਨਾਮ ਦੀ ਮਾਲਾ ਹੈ, ਉਹ ਆਪਣੇ ਕੰਤ ਦੀ ਲਾਡਲੀ ਹੈ। ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥ ਐਨ ਇਕੱਲੀ ਹੈ ਪਤਨੀ ਆਪਣੇ ਪਿਆਰੇ ਕੰਤ ਬਗੈਰ। ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥ ਮੁਅੱਸਰ ਗੁਰਬਾਣੀ ਦੇ ਬਾਝੋਂ, ਉਹ ਹੋਰਸ ਦੀ ਪ੍ਰੀਤ ਕਰ ਕੇ ਠੱਗੀ ਗਈ ਹੈ। ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥ ਨਾਮ ਸਨੇਹੀ ਦੇ ਬਗੈਰ ਉਸ ਨੂੰ ਕਠਨ ਸਮੁੰਦਰ ਤੋਂ ਕਿਹੜਾ ਪਾਰ ਕਰ ਸਕਦਾ ਹੈ? ਧੰਨ ਦੌਲਤ ਦੀ ਲਗਨ ਨੇ ਉਸ ਨੂੰ ਕੁਰਾਹੇ ਪਾ ਛਡਿਆ ਹੈ। ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥ ਜਦ ਉਸ ਨੂੰ ਝੁਠ ਨੇ ਬਰਬਾਦ ਕਰ ਦਿਤਾ, ਤਦ ਖਸਮ ਨੇ ਉਸ ਨੂੰ ਤਲਾਂਜਲੀ ਦੇ ਦਿਤੀ, ਪਤਨੀ ਸੁਆਮੀ ਦੀ ਹਜ਼ੂਰੀ ਨੂੰ ਪ੍ਰਾਪਤ ਨਹੀਂ ਹੁੰਦੀ। ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥ ਜੋ ਗੁਰਬਾਣੀ ਨਾਲ ਰੰਗੀਜੀ ਹੈ, ਉਹ ਪ੍ਰਭੂ ਦੀ ਪ੍ਰੀਤ ਨਾਲ ਮਤਵਾਲੀ ਹੋ ਜਾਂਦੀ ਹੈ ਅਤੇ ਦਿਨ ਰਾਤ ਉਸ ਅੰਦਰ ਲੀਨ ਰਹਿੰਦੀ ਹੈ। ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥ ਪੂਜਯ ਪ੍ਰਭੂ ਉਸ ਪਤਨੀ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਉਸ ਦੀ ਪ੍ਰੀਤ ਅੰਦਰ ਹਮੇਸ਼ਾਂ ਰੰਗੀ ਰਹਿੰਦੀ ਹੈ। ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥ ਜੇਕਰ ਵਾਹਿਗੁਰੁ ਮਿਲਾਵੇ, ਕੇਵਲ ਤਦ ਹੀ ਅਸੀਂ ਉਸ ਨੂੰ ਮਿਲ ਸਕਦੇ ਹਾਂ। ਹਰੀ ਦੇ ਬਾਝੋਂ ਕਿਹੜਾ ਸਾਨੂੰ ਉਸ ਨਾਲ ਮਿਲਾ ਸਕਦਾ ਹੈ? ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥ ਆਪਣੇ ਪਿਆਰੇ ਗੁਰਾਂ ਦੇ ਬਗੈਰ, ਸਾਡਾ ਵਹਿਮ ਕਿਹੜਾ ਦੂਰ ਕਰ ਸਕਦਾ ਹੈ? ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥ ਗੁਰਾਂ ਦੇ ਰਾਹੀਂ ਸੰਦੇਹ ਦੂਰ ਹੋ ਜਾਂਦਾ ਹੈ। ਇਹ ਹੈ ਤਰੀਕਾ ਵਾਹਿਗੁਰੂ ਨੂੰ ਭੇਟਣ ਦਾ ਹੇ ਮੇਰੀ ਮਾਤਾ! ਤੇ ਇਸ ਤਰ੍ਹਾਂ ਮੁੰਧ ਆਰਾਮ ਪਾ ਲੈਂਦੀ ਹੈ। ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥ ਗੁਰਾਂ ਦੀ ਟਹਿਲ ਦੇ ਬਾਝੋਂ ਅਨ੍ਹੇਰ-ਘੁੱਪ ਹੈ। ਗੁਰਾਂ ਦੇ ਬਗੈਰ ਰਸਤਾ ਨਹੀਂ ਲੱਭਦਾ। ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥ ਪਤਨੀ ਜੋ ਰੱਬੀ ਰੰਗ ਨਾਲ ਰੰਗੀ ਹੋਈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ, ਉਹ ਗੁਰਾਂ ਦੀ ਬਾਣੀ ਦੀ ਸੋਚ-ਵੀਚਾਰ ਕਰਦੀ ਹੈ। ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥ ਨਾਨਕ ਪ੍ਰੀਤਵਾਨ ਗੁਰਾਂ ਨਾਲ ਪ੍ਰੇਮ ਪਾ ਕੇ ਪਤਨੀ ਨੇ ਵਾਹਿਗੁਰੂ ਨੂੰ ਆਪਣੇ ਕੰਤ ਵਜੋ ਪਾ ਲਿਆ ਹੈ। ਗਉੜੀ ਮਹਲਾ ੩ ॥ ਗਊੜੀ ਪਾਤਸ਼ਾਹੀ ਤੀਜੀ। ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥ ਆਪਣੇ ਖ਼ਸਮ ਦੇ ਬਗੇਰ ਮੈਂ ਬੜੀ ਬੇਪਤੀ ਹਾਂ। ਮੈਂ ਆਪਣੇ ਮਾਲਕ ਦੇ ਬਾਝੋਂ ਕਿਸ ਤਰ੍ਹਾਂ ਜੀਊ ਸਕਦੀ ਹਾਂ, ਹੈ ਮੇਰੀ ਮਾਤਾ? ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥ ਆਪਣੇ ਭਰਤੇ ਦੇ ਬਾਝੋਂ ਮੈਨੂੰ ਨੀਦਰਂ ਨਹੀਂ ਪੈਦੀ, ਅਤੇ ਪੁਸ਼ਾਕ ਮੇਰੇ ਸਰੀਰ ਨੂੰ ਨਹੀਂ ਸੋਭਦੀ। ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥ ਜਦ ਮੈਂ ਆਪਣੇ ਕੰਤ ਨੂੰ ਚੰਗੀ ਲੱਗਦੀ ਹਾਂ ਤਾਂ ਮੇਰੇ ਸਰੀਰ ਉਤੇ ਕਪੜੇ ਸੋਹਣੇ ਸਜਦੇ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਮੇਰੀ ਆਤਮਾ ਉਸ ਨਾਲ ਇਕ-ਸੁਰ ਹੋ ਗਈ ਹੈ। ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥ ਜੇਕਰ ਉਹ ਸੱਚੇ ਗੁਰਾਂ ਦੀ ਘਾਲ ਕਮਾਵੇ ਤਾਂ ਹਮੇਸ਼ਾਂ ਲਈ ਉਹ ਪਰਸੰਨ ਪਤਨੀ ਹੋ ਜਾਂਦੀ, ਗੁਰਾਂ ਦੀ ਗੋਦੀ ਵਿੱਚ ਲੀਨ ਹੋ ਜਾਂਦੀ ਹੈ। ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥ ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪ੍ਰੀਤਮ ਨੂੰ ਭੇਟ ਲਵੇ, ਤਦ ਉਹ ਉਸ ਨੂੰ ਮਾਣਦਾ ਹੈ। ਇਸ ਜਹਾਨ ਅੰਦਰ ਕੇਵਲ ਨਾਮ ਹੀ ਇਕ ਲਾਹੇਵੰਦਾ ਕੰਮ ਹੈ। ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥ ਨਾਨਕ, ਪਤਨੀ ਆਪਣੇ ਪਤੀ ਨੂੰ ਮਿੱਠੜੀ ਲੱਗਣ ਲਗ ਜਾਂਦੀ ਹੈ, ਜਦ ਉਹ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ। ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥ ਆਪਣੇ ਪ੍ਰੀਤਮ ਦੇ ਨਾਲ ਪਤਨੀ, ਉਸ ਦੇ ਪ੍ਰੇਮ ਦਾ ਅਨੰਦ ਲੈਂਦੀ ਹੈ। ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥ ਦਿਨ ਰਾਤ ਉਸ ਦੇ ਪਰੇਮ ਨਾਲ ਰੰਗੀ ਹੋਈ ਉਹ ਗੁਰਬਾਣੀ ਦਾ ਧਿਆਨ ਧਾਰਦੀ ਹੈ। ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥ ਉਹ ਗੁਰਬਾਣੀ ਨੂੰ ਸੋਚਦੀ ਵਿਚਾਰਦੀ ਹੈ, ਆਪਣੇ ਹੰਕਾਰ ਨੂੰ ਮੇਸ ਦਿੰਦੀ ਹੈ ਅਤੇ ਇਸ ਤਰ੍ਹਾਂ ਆਪਣੇ ਦਿਲਬਰ ਨੂੰ ਮਿਲ ਪੈਦੀ ਹੈ। ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥ ਮੂੰਧ ਜੋ ਮਿਠੜੇ ਸਤਿਨਾਮ ਦੀ ਪ੍ਰੀਤ ਵਿੱਚ ਸਦੀਵ ਹੀ ਰੰਗੀਜੀ ਹੈ, ਉਹ ਆਪਣੇ ਪਤੀ ਦੀ ਪਿਆਰੀ ਹੋ ਜਾਂਦੀ ਹੈ। ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥ ਆਪਣੇ ਗੁਰਾਂ ਦੀ ਸੰਗਤ ਅੰਦਰ ਵਸਣ ਦੁਆਰਾ ਅਸੀਂ ਨਾਮ ਸੁਧਾਰਸ ਨੂੰ ਗ੍ਰਹਿਣ ਕਰ ਲੈਂਦੇ ਹਾਂ ਅਤੇ ਆਪਣੀ ਦਵੈਤ-ਭਾਵ ਨੂੰ ਨਾਸ ਕਰ ਪਰੇ ਸੁੱਟ ਪਾਉਂਦੇ ਹਾਂ। ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥ ਨਾਨਕ, ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਵਹੁਟੀ ਨੂੰ ਸਮੂਹ ਬੇਆਰਾਮੀਆਂ ਭੁੱਲ ਗਈਆਂ ਹਨ। ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥ ਧੰਨ-ਦੋਲਤ ਦੀ ਮਮਤਾ ਅਤੇ ਲਗਨ ਦੇ ਕਾਰਨ ਪਤਨੀ ਆਪਣੇ ਪਿਆਰੇ ਪਤੀ ਨੂੰ ਵਿਸਰ ਗਈ ਹੈ। ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥ ਕੁੜੀ ਪਤਨੀ ਕੂੜ ਨਾਲ ਚਿਮੜੀ ਹੋਈ ਹੈ। ਕਪਟੀ ਸੁਆਣੀ ਕਪਟ ਨੇ ਛਲ ਲਈ ਹੈ। ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥ ਜੋ ਕੂੜ ਕੁਸੱਤ ਤਿਆਗ ਦਿੰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੀ ਹੈ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਨਹੀਂ ਹਾਰਦੀ। ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥ ਜੋ ਵਿਸ਼ਾਲ ਨਾਮ ਨੂੰ ਸਿਮਰਦੀ ਹੈ ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿੰਦੀ ਹੈ, ਉਹ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ। ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥ ਰੱਬ ਦੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾ ਤੂੰ ਇਹੋ ਜਿਹਾ ਹਾਰ-ਸ਼ਿੰਗਾਰ ਬਣਾ। ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥ ਨਾਨਕ, ਜਿਸ ਧਨ ਦਾ ਆਸਰਾ ਸੱਚਾ ਨਾਮ ਹੈ, ਉਹ ਸੁਆਮੀ ਨਾਲ ਅਭੇਦ ਹੋ ਜਾਂਦੀ ਹੈ। ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥ ਮੈਨੂੰ ਦਰਸ਼ਨ ਦੇ ਹੇ ਮੇਰੇ ਪਤਵੰਤੇ ਦਿਲਬਰ! ਤੇਰੇ ਬਗੈਰ ਮੈਂ ਬਹੁਤ ਹੀ ਬੇਇਜ਼ਤ ਹਾਂ। ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥ ਮੇਰੀਆਂ ਅੱਖਾਂ ਅੰਦਰ ਨੀਦਰ ਨਹੀਂ ਪੈਦੀ ਅਤੇ ਭੋਜਨ ਤੇ ਜਲ ਮੈਨੂੰ ਚੰਗੇ ਨਹੀਂ ਲੱਗਦੇ। ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥ ਮੈਨੂੰ ਭੋਜਨ ਤੇ ਜਲ ਨਹੀਂ ਭਾਉਂਦਾ ਅਤੇ ਮੈਂ ਉਸ ਦੇ ਵਿਛੋੜੇ ਦੇ ਗ਼ਮ ਨਾਲ ਮਰ ਰਹੀ ਹਾਂ। ਆਪਣੇ ਪਿਆਰੇ ਪਤੀ ਦੇ ਬਗ਼ੈਰ ਆਰਾਮ ਕਿਸ ਤਰ੍ਹਾਂ ਮਿਲ ਸਕਦਾ ਹੈ? copyright GurbaniShare.com all right reserved. Email:- |