ਜਿਨਿ ਗੁਰਿ ਮੋ ਕਉ ਦੀਨਾ ਜੀਉ ॥
ਜਿਸ ਗੁਰੂ ਨੇ ਮੈਨੂੰ ਜਿੰਦ ਜਾਨ ਦਿੱਤੀ ਹੈ, ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ ਉਸ ਨੇ ਖੁਦ ਮੈਨੂੰ ਖਰੀਦ ਲਿਆ ਹੈ ਤੇ ਆਪਣਾ ਗੋਲਾ ਬਣਾ ਲਿਆ ਹੈ। ਆਪੇ ਲਾਇਓ ਅਪਨਾ ਪਿਆਰੁ ॥ ਉਸ ਨੇ ਖ਼ੁਦ-ਬ-ਖ਼ੁਦ ਮੇਨੂੰ ਆਪਣੀ ਪ੍ਰੀਤ ਦੀ ਦਾਤ ਦਿਤੀ ਹੈ। ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ ਹਮੇਸ਼ਾਂ ਹਮੇਸ਼ਾਂ ਲਈ ਮੈਂ ਉਸ ਗੁਰੂ ਨੂੰ ਪ੍ਰਣਾਮ ਕਰਦਾ ਹਾਂ। ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ ਮੇਰੀ ਕਲਪਣਾ, ਝੇੜਾ, ਡਰ, ਸੰਦੇਹ ਅਤੇ ਬੇਆਰਾਮੀ ਮੁਕ ਗਏ ਹਨ। ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ ਗੁਰੂ ਜੀ ਫੁਰਮਾਉਂਦੇ ਹਨ, ਐਸਾ ਬਲੀ ਹੈ ਮੇਰਾ ਗੁਰਦੇਵ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ। ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ ਮੈਨੂੰ ਦਰਸ਼ਨ ਦੇ ਹੇ ਮੇਰੇ ਸ੍ਰਿਸ਼ਟੀ ਦੇ ਸੁਆਮੀ ਮੈਨੂੰ ਆਪਣਾ ਨਾਮ ਬਖ਼ਸ਼। ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ ਲਾਨ੍ਹਤ ਅਤੇ ਫਿੱਟੇ-ਮੂੰਹ ਹੈ ਉਸ ਪ੍ਰੀਤ ਦੇ ਜੋ ਨਾਮ ਦੇ ਬਗੇਰ ਹੈ। ਠਹਿਰਾਉ। ਨਾਮ ਬਿਨਾ ਜੋ ਪਹਿਰੈ ਖਾਇ ॥ ਰੱਬ ਦੇ ਨਾਮ ਦੇ ਬਗੈਰ ਜਿਹੜਾ ਪਹਿਨਦਾ ਤੇ ਖਾਂਦਾ ਹੈ,। ਜਿਉ ਕੂਕਰੁ ਜੂਠਨ ਮਹਿ ਪਾਇ ॥੧॥ ਉਹ ਉਸ ਕੁੱਤੇ ਦੀ ਮਾਨੰਦ ਹੈ ਜੋ ਜੂਠੀਆਂ ਪੱਤਲਾਂ ਵਿੱਚ ਪੈਦਾ ਹੈ। ਨਾਮ ਬਿਨਾ ਜੇਤਾ ਬਿਉਹਾਰੁ ॥ ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਜ ਵਿਅਰਥ ਹੈ, ਜਿਉ ਮਿਰਤਕ ਮਿਥਿਆ ਸੀਗਾਰੁ ॥੨॥ ਜਿਵੇਂ ਲੋਥ ਉਤੇ ਹਾਰ ਸ਼ਿੰਗਾਰ ਪਾਇਆ ਹੋਵੇ ਨਾਮੁ ਬਿਸਾਰਿ ਕਰੇ ਰਸ ਭੋਗ ॥ ਜੋ ਨਾਮ ਨੂੰ ਭੁਲਾ ਕੇ ਰੰਗ ਰਲੀਆਂ ਮਾਣਦਾ ਹੈ, ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥ ਉਸ ਨੂੰ ਸੁਪਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਸ ਦੀ ਦੇਹਿ ਰੋਗੀ ਹੋ ਜਾਂਦੀ ਹੈ। ਨਾਮੁ ਤਿਆਗਿ ਕਰੇ ਅਨ ਕਾਜ ॥ ਪ੍ਰਭੂ ਦੇ ਨਾਮ ਨੂੰ ਛੱਡ ਕੇ ਜੇਕਰ ਆਦਮੀ ਹੋਰ ਧੰਦੇ ਕਰਦਾ ਹੈ,। ਬਿਨਸਿ ਜਾਇ ਝੂਠੇ ਸਭਿ ਪਾਜ ॥੪॥ ਉਸ ਦੀ ਕੂੜੀ ਲਿਟਸਾਜੀ ਸਾਰੇ ਦੀ ਸਾਰੀ ਹੀ ਨਾਸ ਹੋ ਜਾਵੇਗੀ। ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ ਇਨਸਾਨ ਜੋ ਨਾਮ ਨਾਲ ਨੇਹੁੰ ਨਹੀਂ ਗੰਢਦਾ ਦੋਜ਼ਕ ਨੂੰ ਜਾਂਦਾ ਹੈ, ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥ ਭਾਵੇਂ ਉਹ ਕ੍ਰੋੜਾਂ ਹੀ ਕਰਮ-ਕਾਂਡ ਪਿਆ ਕਰੇ। ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ ਜੋ ਆਪਣੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ, ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥ ਉਹ ਮੌਤ ਦੇ ਸ਼ਹਿਰ ਅੰਦਰ ਤਸਕਰ ਦੀ ਮਾਨੰਦ ਨਰੜਿਆ ਜਾਂਦਾ ਹੈ। ਲਾਖ ਅਡੰਬਰ ਬਹੁਤੁ ਬਿਸਥਾਰਾ ॥ ਲੱਖਾਂ ਨੁਮਾਇਸ਼ਾਂ ਅਤੇ ਘਨੇਰੇ ਖਿਲਾਰੇ। ਨਾਮ ਬਿਨਾ ਝੂਠੇ ਪਾਸਾਰਾ ॥੭॥ ਹਰੀ ਦੇ ਨਾਮ ਦੇ ਬਾਝੋਂ ਕੂੜੇ ਹਨ ਦਿਖਾਵੇ। ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕੇਵਲ ਉਹੀ ਬੰਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ, ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥ ਜਿਸ ਨੂੰ ਹੇ ਨਾਨਕ! ਉਹ ਮਿਹਰ ਦੁਆਰਾ ਬਖਸ਼ਦਾ ਹੈ। ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ। ਆਦਿ ਮਧਿ ਜੋ ਅੰਤਿ ਨਿਬਾਹੈ ॥ ਜੋ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਮੇਰਾ ਪੱਖ ਪੂਰਦਾ ਹੈ, ਸੋ ਸਾਜਨੁ ਮੇਰਾ ਮਨੁ ਚਾਹੈ ॥੧॥ ਉਸ ਮਿਤ੍ਰ ਨੂੰ ਮੇਰੀ ਜਿੰਦੜੀ ਲੋੜਦੀ ਹੈ। ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ ਵਾਹਿਗੁਰੂ ਦਾ ਪਿਆਰ, ਹਮੇਸ਼ਾਂ, ਪ੍ਰਾਣੀ ਦੇ ਸਾਥ ਜਾਂਦਾ ਹੈ। ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ ਸਰਬ-ਵਿਆਪਕ ਅਤੇ ਮਿਹਰਬਾਨ ਮਾਲਕ, ਸਾਰਿਆਂ ਦੀ ਪਾਲਣਾ ਪੋਸਣਾ ਕਰਦਾ ਹੈ। ਠਹਿਰਾਉ। ਬਿਨਸਤ ਨਾਹੀ ਛੋਡਿ ਨ ਜਾਇ ॥ ਪ੍ਰਭੂ ਨਾਸ ਨਹੀਂ ਹੁੰਦਾ ਅਤੇ ਆਪਣੇ ਨੌਕਰ ਨੂੰ ਤਿਆਗ ਕੇ ਕਿਧਰੇ ਨਹੀਂ ਜਾਂਦਾ। ਜਹ ਪੇਖਾ ਤਹ ਰਹਿਆ ਸਮਾਇ ॥੨॥ ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਰਮ ਰਿਹਾ ਹੈ। ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥ ਸਾਹਿਬ ਸੁਹਣਾ, ਸਿਆਣਾ, ਤੇਜ਼ ਸਮਝ ਵਾਲਾ ਅਤੇ ਜਿੰਦ-ਜਾਨ ਦੇਣਹਾਰ ਹੈ। ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ ਮਾਲਕ ਮੇਰਾ ਵੀਰ, ਪੁੱਤ੍ਰ, ਬਾਬਲ ਅਤੇ ਅੰਮੜੀ ਹੈ। ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥ ਉਹ ਮੇਰੀ ਜਿੰਦਗੀ ਅਤੇ ਜਿੰਦੜੀ ਦਾ ਆਸਰਾ ਹੈ। ਉਹ ਮੇਰੀ ਪੂੰਜੀ ਹੈ। ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥ ਮੇਰੇ ਅੰਤਰ ਆਤਮੇ ਵਾਸਾ ਕਰ ਕੇ, ਪ੍ਰਭੂ ਨੇ ਮੇਰੀ ਆਪਣੇ ਨਾਲ ਪਿਰਹੜੀ ਪਾਈ ਹੈ। ਮਾਇਆ ਸਿਲਕ ਕਾਟੀ ਗੋਪਾਲਿ ॥ ਸ੍ਰਿਸ਼ਟੀ ਦੇ ਪਾਲਣਹਾਰ ਨੇ ਮੇਰੀ ਮੋਹਣੀ ਦੀ ਫਾਹੀ ਵੱਢ ਸੁੱਟੀ ਹੈ। ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥ ਮਿਹਰ ਦੀ ਨਿਗ੍ਹਾ ਨਾਲ ਮੇਰੇ ਵੱਲ ਝਾਕ ਕੇ ਉਸਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ। ਸਿਮਰਿ ਸਿਮਰਿ ਕਾਟੇ ਸਭਿ ਰੋਗ ॥ ਉਸ ਦਾ ਇਕ-ਰਸ ਆਰਾਧਨ ਕਰਨ ਦੁਆਰਾ ਸਾਰੀਆਂ ਜਹਿਮਤਾ ਟਲ ਗਈਆਂ ਹਨ। ਚਰਣ ਧਿਆਨ ਸਰਬ ਸੁਖ ਭੋਗ ॥੬॥ ਉਸ ਦੇ ਚਰਨਾ ਨਾਲ ਬਿਰਤੀ ਜੋੜ ਕੇ, ਸਾਰੇ ਆਰਾਮ ਮਾਣ ਲਏ ਜਾਂਦੇ ਹਨ। ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥ ਸਰਬ-ਵਿਆਪਕ ਸੁਆਮੀ ਸਦਾ ਨਵਾਂਨੁੱਕ ਅਤੇ ਸਦਾ ਜੁਆਨ ਹੈ। ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥ ਅੰਦਰ ਅਤੇ ਬਾਹਰ ਵਾਹਿਗੁਰੂ ਮੇਰੇ ਰਾਖੇ ਵਜੋਂ ਮੇਰੇ ਨਾਲ ਹੈ। ਕਹੁ ਨਾਨਕ ਹਰਿ ਹਰਿ ਪਦੁ ਚੀਨ ॥ ਗੁਰੂ ਜੀ ਫੁਰਮਾਉਂਦੇ ਹਨ ਜੋ ਵਾਹਿਗੁਰੂ ਮਾਲਕ ਦੇ ਮਰਤਬੇ ਨੂੰ ਅਨੁਭਵ ਕਰਦਾ ਹੈ, ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥ ਉਹ ਸਾਧੂਆਂ ਨੂੰ ਉਹ ਉਸ ਦੀ ਸਮੂਹ ਦੌਲਤ ਵਜੋ ਆਪਣਾ ਨਾਮ ਦਿੰਦਾ ਹੈ। ਰਾਗੁ ਗਉੜੀ ਮਾਝ ਮਹਲਾ ੫ ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ ਅਣਗਿਣਤ ਤੈਨੂੰ ਭਾਲਦੇ ਫਿਰਦੇ ਹਨ, ਹੇ ਸੁਆਮੀ! ਪਰ ਉਨ੍ਹਾਂ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਦਾ। ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥ ਕੇਵਲ ਉਹੀ ਤੇਰੇ ਅਨੁਰਾਗੀ ਹੁੰਦੇ ਹਨ ਜਿਨ੍ਹਾਂ ਉਤੇ ਤੇਰੀ ਕਿਰਪਾ ਹੈ। ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥ ਮੈਂ ਕੁਰਬਾਨ ਹਾਂ, ਮੈਂ ਕੁਰਬਾਨ ਹਾਂ, ਤੇਰੇ ਉਤੇ, ਮੇਰੇ ਵਾਹਿਗੁਰੂ। ਠਹਿਰਾਉ। ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ ਭਿਆਨਕ ਮਾਰਗ ਬਾਰੇ, ਸੁਣ ਸੁਣ ਕੇ, ਮੈਂ ਅਤੀ ਭੈ-ਭੀਤ ਹੋਇਆ ਹੋਇਆ ਹਾਂ। ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ ਮੈਂ ਸਾਧੂ ਦੀ ਸ਼ਰਣਾਗਤ ਸੰਭਾਲੀ ਹੈ ਹੇ ਰੱਬ ਦੇ ਪਿਆਰੇ ਤੂੰ ਮੇਰੀ ਰਖਿਆ ਕਰ। copyright GurbaniShare.com all right reserved. Email:- |